ਸਹਿਕਾਰਤਾ ਅੰਦੋਲਨ ਨਾਲ ਨੌਜਵਾਨਾਂ ਨੂੰ ਜੋੜਨਾ ਸਮੇਂ ਦੀ ਲੋੜ : ਗੱਗੀ ਉਨ੍ਹਾਂ ਕਿਹਾ ਕਿ ਸਹਿਕਾਰ ਤੋਂ ਸਵੈ-ਨਿਰਭਰਤਾ ਅਤੇ ਸੰਗਠਨ ਤੋਂ ਖੁਸ਼ਹਾਲੀ ਦੇ ਮੰਤਰ ਨਾਲ ਨੌਜਵਾਨਾਂ ਦੀ ਭਾਗੀਦਾਰੀ ਵਧਾ ਕੇ ਹੀ ਮਜ਼ਬੂਤ ਅਤੇ ਆਤਮ-ਨਿਰਭਰ ਪਿੰਡਾਂ ਦੀ ਨੀਂਹ ਰੱਖੀ ਜਾ ਸਕਦੀ ਹੈ।
Publish Date: Sun, 09 Aug 2026 06:17 PM (IST)
Updated Date: Mon, 10 Aug 2026 11:34 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਸਹਿਕਾਰ ਭਾਰਤੀ ਪੰਜਾਬ ਦੇ ਸੂਬਾਈ ਸਕੱਤਰ ਜਗਜੀਵਨ ਸਿੰਘ ਗੱਗੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸਹਿਕਾਰਤਾ ਅੰਦੋਲਨ ਨਾਲ ਜੋੜ ਕੇ ਉਨ੍ਹਾਂ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਸਹਿਕਾਰੀ ਸੰਸਥਾਵਾਂ ਨੌਜਵਾਨਾਂ ਦੀ ਊਰਜਾ, ਹੁਨਰ ਅਤੇ ਨਵੀਨਤਾ ਨੂੰ ਪੇਂਡੂ ਅਰਥਵਿਵਸਥਾ ਨਾਲ ਜੋੜਨ ਦਾ ਮਜ਼ਬੂਤ ਮਾਧਿਅਮ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੀਏਸੀਐੱਸ, ਐੱਫਪੀਓ, ਐੱਸਐੱਚਜੀ ਤੇ ਐੱਮਪੀਏਸੀਐੱਸ ਵਰਗੀਆਂ ਸਹਿਕਾਰੀ ਸੰਸਥਾਵਾਂ ਰਾਹੀਂ ਨੌਜਵਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਐਗਰੀ-ਪ੍ਰੋਸੈਸਿੰਗ, ਡੇਅਰੀ, ਮੱਛੀ ਪਾਲਣ, ਬਾਗਬਾਨੀ, ਫੂਡ ਪ੍ਰੋਸੈਸਿੰਗ, ਸਟਾਰਟਅੱਪ ਅਤੇ ਹੋਰ ਸਵੈ-ਰੁਜ਼ਗਾਰ ਗਤੀਵਿਧੀਆਂ ਨਾਲ ਜੋੜਿਆ ਜਾ ਸਕਦਾ ਹੈ। ਜਗਜੀਵਨ ਸਿੰਘ ਗੱਗੀ ਨੇ ਕਿਹਾ ਕਿ ਅੱਜ ਦਾ ਨੌਜਵਾਨ ਸਿਰਫ਼ ਨੌਕਰੀ ਲੱਭਣ ਵਾਲਾ ਨਹੀਂ, ਸਗੋਂ ਰੁਜ਼ਗਾਰ ਪੈਦਾ ਕਰਨ ਵਾਲਾ ਉੱਦਮੀ ਬਣਨ ਦੀ ਸਮਰੱਥਾ ਰੱਖਦਾ ਹੈ। ਜੇਕਰ ਸਹਿਕਾਰੀ ਸੰਸਥਾਵਾਂ ਨੌਜਵਾਨਾਂ ਨੂੰ ਬੈਂਕਿੰਗ ਸਹੂਲਤਾਂ, ਤਕਨੀਕੀ ਜਾਣਕਾਰੀ, ਮਾਰਕੀਟਿੰਗ, ਸਿਖਲਾਈ ਅਤੇ ਸਰਕਾਰੀ ਯੋਜਨਾਵਾਂ ਨਾਲ ਜੋੜਨ ਦਾ ਕੰਮ ਕਰਨ ਤਾਂ ਪੇਂਡੂ ਪੱਧਰ ’ਤੇ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਹਕਾਰ ਭਾਰਤੀ ਵੱਲੋਂ ਪਿੰਡ-ਪਿੰਡ ਨੌਜਵਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਹਿਕਾਰਤਾ ਨਾਲ ਜੋੜਨ, ਨਵੀਆਂ ਸਹਿਕਾਰੀ ਇਕਾਈਆਂ ਬਣਾਉਣ ਅਤੇ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰਤਾ ਨੂੰ ਸਿਰਫ਼ ਖੇਤੀਬਾੜੀ ਤੱਕ ਸੀਮਤ ਨਾ ਸਮਝਣ, ਸਗੋਂ ਇਸ ਨੂੰ ਆਤਮ-ਨਿਰਭਰਤਾ, ਉੱਦਮਤਾ ਅਤੇ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਸਾਧਨ ਵਜੋਂ ਅਪਣਾਉਣ। ਉਨ੍ਹਾਂ ਕਿਹਾ ਕਿ ਸਹਿਕਾਰ ਤੋਂ ਸਵੈ-ਨਿਰਭਰਤਾ ਅਤੇ ਸੰਗਠਨ ਤੋਂ ਖੁਸ਼ਹਾਲੀ ਦੇ ਮੰਤਰ ਨਾਲ ਨੌਜਵਾਨਾਂ ਦੀ ਭਾਗੀਦਾਰੀ ਵਧਾ ਕੇ ਹੀ ਮਜ਼ਬੂਤ ਅਤੇ ਆਤਮ-ਨਿਰਭਰ ਪਿੰਡਾਂ ਦੀ ਨੀਂਹ ਰੱਖੀ ਜਾ ਸਕਦੀ ਹੈ।