ਸਮਾਜ ਸੇਵੀ ਉਪਕਾਰ ਸਿੰਘ ਨੇ ਬੂਟੇ ਲਾ ਕੇ ਮਨਾਇਆ ਜਨਮ ਦਿਨ ਸਮਾਜ ਸੇਵੀ ਉਪਕਾਰ ਸਿੰਘ ਨੇ ਬੂਟੇ ਲਗਾ ਕੇ ਮਨਾਇਆ ਜਨਮ ਦਿਨ
Publish Date: Thu, 19 Nov 2026 06:02 PM (IST)
Updated Date: Fri, 20 Nov 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸਥਾਨਕ ਸ਼ਹਿਰ ਦੀ ਨਾਮਵਰ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਆਪਣਾ ਜਨਮ ਦਿਨ ਨਹਿਰੂ ਪਾਰਕ ਵਿਖੇ ਗੁਲਾਬ ਅਤੇ ਨਿੰਮ ਦੇ ਪੌਦੇ ਲਗਾ ਕੇ ਮਨਾਇਆ। ਇਸ ਮੌਕੇ ਹਰ ਮਨੁੱਖ ਲਾਵੇ ਦੋ ਰੁੱਖ ਮੁਹਿੰਮ ਨੂੰ ਜਾਰੀ ਰੱਖਦਿਆਂ ਵਾਤਾਵਰਨ ਸੰਭਾਲ ਦਾ ਸੰਦੇਸ਼ ਵੀ ਦਿੱਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਉਪਕਾਰ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਪਕਾਰ ਸਿੰਘ ਲੰਬੇ ਸਮੇਂ ਤੋਂ ਸਮਾਜ ਦੀ ਭਲਾਈ ਲਈ ਸਰਗਰਮ ਹਨ ਅਤੇ ਮੈਡੀਕਲ ਤੇ ਅੱਖਾਂ ਦੇ ਜਾਂਚ ਕੈਂਪ, ਖੂਨਦਾਨ ਕੈਂਪ, ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਅਤੇ ਬੂਟ-ਜੁਰਾਬਾਂ ਵੰਡਣ ਵਰਗੇ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ, ਭਿੱਖਿਆ ਨਾ ਦੇਣ, ਸਫ਼ਾਈ ਮੁਹਿੰਮ, ਯੋਗਾ ਕੈਂਪ, ਟ੍ਰੈਫਿਕ ਨਿਯਮਾਂ ਦੀ ਜਾਣਕਾਰੀ, ਸ਼ਹੀਦੀ ਦਿਹਾੜੇ ਮਨਾਉਣ ਅਤੇ ਗਰੀਨ ਦੀਵਾਲੀ ਵਰਗੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣ ਅਤੇ ਕੋਰੋਨਾ ਤੇ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕਰਨ ਵਿੱਚ ਵੀ ਸੰਸਥਾ ਨੇ ਯੋਗਦਾਨ ਪਾਇਆ ਹੈ। ਇਸ ਮੌਕੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਡਾ. ਹਰਨੇਕ ਸਿੰਘ ਢੋਟ, ਮੋਹਨ ਲਾਲ ਖੰਨਾ, ਵਿਨੇ ਸਰਵਰੇ, ਦੀਪਕ ਕਪੂਰ, ਅਸ਼ਵਨੀ ਕੰਬੋਜ, ਮਨਜੀਤ ਕੌਰ ਅਤੇ ਬਲਵਿੰਦਰ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।