ਸਨੈਚਿੰਗ ਗਿਰੋਹ ਦਾ ਪਰਦਾਫਾਸ਼, 4 ਔਰਤਾਂ ਕਾਬੂ ਸਨੈਚਿੰਗ ਗਿਰੋਹ ਦਾ ਪਰਦਾਫਾਸ਼, 4 ਔਰਤਾਂ ਕਾਬੂ
Publish Date: Tue, 28 Jul 2026 05:38 PM (IST)
Updated Date: Wed, 29 Jul 2026 04:07 AM (IST)
ਬੱਸ ਅੱਡੇ ’ਤੇ ਬਜੁਰਗ ਔਰਤ ਦੀ ਵਾਲੀਆਂ ਝਪਟੀਆਂ, ਲੋਕਾਂ ਕੀਤਾ ਕਾਬੂ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਸਥਾਨਕ ਬੱਸ ਸਟੈਂਡ ’ਤੇ ਮੰਗਲਵਾਰ ਸਵੇਰੇ ਸਨੈਚਿੰਗ ਗਿਰੋਹ ਦੀਆਂ ਚਾਰ ਔਰਤਾਂ ਨੂੰ ਉਸ ਸਮੇਂ ਲੋਕਾਂ ਨੇ ਕਾਬੂ ਕੀਤਾ ਜਦੋਂ ਉਨ੍ਹਾਂ ਬੱਸ ’ਚ ਚੜ੍ਹ ਰਹੀ ਇਕ ਬਜ਼ੁਰਗ ਮਹਿਲਾ ਨੂੰ ਘੇਰ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗਿਰੋਹ ਦੀ ਇਕ ਮਹਿਲਾ ਆਪਣੇ ਸਾਥੀ ਨਾਲ ਕਾਰ ’ਚ ਸਵਾਰ ਹੋ ਕੇ ਫ਼ਰਾਰ ਹੋ ਗਈ। ਥਾਣਾ ਖਨੌਰੀ ਦੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਥਿੰਦ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਅਨੁਸਾਰ ਵਿਕਾਸ ਕੁਮਾਰ ਵਾਸੀ ਵਾਰਡ-4, ਖਨੌਰੀ ਆਪਣੀ ਨਾਨੀ ਮਿਸ਼ਰੀ ਦੇਵੀ ਨੂੰ ਬੱਸ ਰਾਹੀਂ ਅਸੰਧ (ਹਰਿਆਣਾ) ਭੇਜਣ ਲਈ ਬੱਸ ਸਟੈਂਡ ਗਿਆ ਹੋਇਆ ਸੀ। ਸਵੇਰੇ 9:30 ਵਜੇ ਜਿਵੇਂ ਹੀ ਬਜ਼ੁਰਗ ਮਹਿਲਾ ਬੱਸ ’ਚ ਚੜ੍ਹਨ ਲੱਗੀ ਤਾਂ 4-5 ਮਹਿਲਾਵਾਂ ਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਗਈਆਂ ਤੇ ਗਿਰੋਹ ਦੀ ਇੱਕ ਮਹਿਲਾ ਉਹ ਵਾਲੀਆਂ ਲੈ ਕੇ ਇਕ ਅਣਪਛਾਤੇ ਵਿਅਕਤੀ ਨਾਲ ਕਾਰ ’ਚ ਸਵਾਰ ਹੋ ਕੇ ਫ਼ਰਾਰ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੀੜਤ ਮਹਿਲਾ ਤੇ ਉਸ ਦੇ ਦੋਹਤੇ ਵੱਲੋਂ ਰੌਲਾ ਪਾਉਣ ’ਤੇ ਬੱਸ ਸਟੈਂਡ ’ਤੇ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਚਾਰ ਮਹਿਲਾਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਨਾਮ ਸ਼ਰਨਜੀਤ ਕੌਰ ਉਰਫ਼ ਸ਼ਰਨ, ਸੋਮਾ ਉਰਫ਼ ਬੱਬਲੀ, ਪ੍ਰਕਾਸ਼ੋ (ਤਿੰਨੇ ਵਾਸੀ ਭਾਦਸੋਂ, ਜ਼ਿਲ੍ਹਾ ਪਟਿਆਲਾ) ਤੇ ਸ਼ਿੰਦਰ ਕੌਰ ਵਾਸੀ ਪਿੰਡ ਬਾਗੜੀਆਂ, ਜ਼ਿਲ੍ਹਾ ਮਾਲੇਰਕੋਟਲਾ ਦੱਸੇ। ਸੂਚਨਾ ਮਿਲਦੇ ਹੀ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਥਿੰਦ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਸ਼ਿਕਾਇਤ ਦੇ ਆਧਾਰ ’ਤੇ ਚਾਰ ਨਾਮਜ਼ਦ ਮਹਿਲਾਵਾਂ, ਇਕ ਅਣਪਛਾਤੀ ਮਹਿਲਾ, ਇਕ ਅਣਪਛਾਤੇ ਵਿਅਕਤੀ ਤੇ ਕਾਰ ’ਚ ਫ਼ਰਾਰ ਹੋਏ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਕਾਬੂ ਕੀਤੀਆਂ ਮਹਿਲਾਵਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੀਆਂ ਮਹਿਲਾਵਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਮੌਕੇ ਸਹਾਇਕ ਥਾਣੇਦਾਰ ਰਘਬੀਰ ਸਿੰਘ, ਏਐਸਆਈ ਗੁਰਮੇਲ ਸਿੰਘ, ਹੌਲਦਾਰ ਮਨੀਸ਼ ਕੁਮਾਰ, ਮੁੱਖ ਮੁਨਸ਼ੀ ਅਰਸ਼ਪ੍ਰੀਤ ਸਿੰਘ ਅਤੇ ਕਰਨ ਸਿੰਘ ਚਹਿਲ ਹਾਜ਼ਰ ਸਨ।