- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮ੍ਰਿਤੀ ਨੇ ਪਹਿਲਾ, ਗੁਰਜੋਤ ਕੌਰ ਨੇ ਦੂਜਾ ਸਥਾਨ ਕੀਤਾ ਹਾਸਲ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਸਾਇੰਸ ਸੈਮੀਨਾਰ-2026 ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਕੀਤਾ ਗਿਆ। ਇਸ ਮੌਕੇ ਬਨੂੜ ਬਲਾਕ ਦੇ 22 ਸਕੂਲਾਂ ਦੇ 8ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਆਪਣੀ ਵਿਗਿਆਨਕ ਸੋਚ, ਗਿਆਨ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਸਾਇੰਸ ਸੈਮੀਨਾਰ ਦਾ ਵਿਸ਼ਾ ‘ਵਿਕਸਤ ਊਰਜਾ ਟੋਕਰੀ-2047: ਸੰਭਾਵਨਾਵਾਂ ਅਤੇ ਚੁਣੌਤੀਆਂ’ ਰਿਹਾ। ਇਸ ਵਿਸ਼ੇ ਤਹਿਤ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਭਾਰਤ ਵੱਲੋਂ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਨਵਿਆਉਣਯੋਗ ਊਰਜਾ ਦੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਕ ਆਤਮਨਿਰਭਰ, ਊਰਜਾ-ਸੁਰੱਖਿਅਤ ਤੇ ਵਿਕਸਤ ਦੇਸ਼ ਬਣਨ ਦੀਆਂ ਕਿਹੜੀਆਂ ਸੰਭਾਵਨਾਵਾਂ ਹਨ। ਵਿਦਿਆਰਥੀਆਂ ਨੇ ਭਵਿੱਖ ਵਿਚ ਭਾਰਤ ਸਾਹਮਣੇ ਆਉਣ ਵਾਲੀਆਂ ਊਰਜਾ ਸਬੰਧੀ ਚੁਣੌਤੀਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਸੰਭਾਵਿਤ ਹੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਮੁਕਾਬਲੇ ਦੇ ਨਤੀਜਿਆਂ ਵਿਚ ਸਰਕਾਰੀ ਹਾਈ ਸਕੂਲ ਕਾਰਕੌਰ ਦੀ ਵਿਦਿਆਰਥਣ ਸਮ੍ਰਿਤੀ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਸਲੇਮਪੁਰ ਨਗਲ ਦੀ ਵਿਦਿਆਰਥਣ ਗੁਰਜੋਤ ਕੌਰ ਨੇ ਦੂਜਾ ਸਥਾਨ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਦੀ ਵਿਦਿਆਰਥਣ ਕਰਮਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੈਮੀਨਾਰ ’ਚ ਮੁਲਾਂਕਣ ਲਈ ਇੰਦਰਪ੍ਰੀਤ ਕੌਰ ਤੇ ਸੀਮਾ ਭਾਰਦਵਾਜ ਸਰਕਾਰੀ ਹਾਈ ਸਕੂਲ ਮੁਕੰਦਪੁਰ (ਡੇਰਾਬਸੀ) ਨੇ ਜੱਜਾਂ ਦੀ ਭੂਮਿਕਾ ਨਿਭਾਈ। ਬਲਾਕ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਸਮ੍ਰਿਤੀ ਹੁਣ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਵਿਚ ਬਨੂੜ ਬਲਾਕ ਦੀ ਨੁਮਾਇੰਦਗੀ ਕਰੇਗੀ। ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ 6 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਸ ਮੌਕੇ ਸਕੂਲ ਇੰਚਾਰਜ ਪਰਮਜੀਤ ਕੌਰ ਤੇ ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਗਿਰੀਸ਼ ਜੋਸ਼ੀ, ਗੁਰਵਿੰਦਰ ਸਿੰਘ, ਮੈਡਮ ਜਵੰਤਿਕਾ, ਰਣਜੀਤ ਕੌਰ, ਅਨੀਤਾ, ਕਵਿਤਾ ਆਨੰਦ, ਤੇਜਿੰਦਰ ਸਿੰਘ, ਰੇਨੂ ਬਾਲਾ, ਮਮਤਾ, ਪੁਨੀਤ ਕੰਬੋਜ ਤੇ ਬਹਾਦੁਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਰਿਹਾ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਆਪਣਾ ਮਹੱਤਵਪੂਰਨ ਸਹਿਯੋਗ ਦਿੱਤਾ।