- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਘੋਮਾਜਰਾ ਦੀ ਰਾਮ ਲੀਲਾ ਵਿੱਚ ਸੀਤਾ ਸਵੰਬਰ ਤੇ ਪਰਸ਼ੁਰਾਮ-ਲਕਸ਼ਮਣ ਸੰਵਾਦ ਨੇ ਮੋਹੇ ਦਰਸ਼ਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਮ ਲੀਲ੍ਹਾ ਕਮੇਟੀ ਰਾਘੋਮਾਜਰਾ ਪਟਿਆਲਾ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮਲੀਲ੍ਹਾ ਦੀ ਤੀਜੀ ਰਾਤ ਦਾ ਪ੍ਰੋਗਰਾਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਦੌਰਾਨ ਸੀਤਾ ਸਵੰਬਰ, ਸ਼ਿਵ ਧਨੁਸ਼ ਭੰਗ, ਪਰਸ਼ੂਰਾਮ-ਲਕਸ਼ਮਣ ਸੰਵਾਦ ਤੇ ਸ਼੍ਰੀ ਰਾਮ ਦੇ ਰਾਜਤਿਲਕ ਦੇ ਐਲਾਨ ਸਮੇਤ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ। ਦਰਸ਼ਕਾਂ ਨਾਲ ਖਚਾਖਚ ਭਰੇ ਪੰਡਾਲ ਵਿਚ ਕਲਾਕਾਰਾਂ ਦੀ ਅਦਾਕਾਰੀ ਨੇ ਖ਼ੂਬ ਵਾਹ-ਵਾਹ ਖੱਟੀ। ਪਹਿਲੇ ਦ੍ਰਿਸ਼ ਵਿਚ ਜਨਕ ਦਰਬਾਰ ਦੀ ਸ਼ਾਨਦਾਰ ਸਜਾਵਟ ਵਿਚਕਾਰ ਸੀਤਾ ਸਵੰਬਰ ਦਾ ਮੰਚਨ ਕੀਤਾ ਗਿਆ। ਰਾਜਾ ਜਨਕ ਦੇ ਐਲਾਨ ਤੋਂ ਬਾਅਦ ਵੱਖ-ਵੱਖ ਰਾਜਿਆਂ ਨੇ ਸ਼ਿਵ ਧਨੁਸ਼ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋ ਸਕੇ। ਇਸ ਤੋਂ ਬਾਅਦ ਸ਼੍ਰੀ ਰਾਮ ਜੀ ਨੇ ਆਸਾਨੀ ਨਾਲ ਧਨੁਸ਼ ਚੁੱਕ ਕੇ ਤੋੜ ਦਿੱਤਾ। ਧਨੁਸ਼ ਟੁੱਟਣ ਦੀ ਆਵਾਜ਼ ਸੁਣ ਕੇ ਪਰਸ਼ੂਰਾਮ ਜੀ ਕ੍ਰੋਧਿਤ ਹੋ ਕੇ ਦਰਬਾਰ ਵਿਚ ਪਹੁੰਚੇ। ਇਸ ਦੌਰਾਨ ਲਕਸ਼ਮਣ ਜੀ ਤੇ ਪਰਸੂਰਾਮ ਜੀ ਵਿਚਕਾਰ ਤਿੱਖਾ ਸੰਵਾਦ ਹੋਇਆ। ਸ਼੍ਰੀ ਰਾਮ ਜੀ ਨੇ ਵਿਚਕਾਰ ਪੈ ਕੇ ਸਥਿਤੀ ਨੂੰ ਸ਼ਾਂਤ ਕੀਤਾ। ਅੰਤ ਵਿਚ ਪਰਸ਼ੂਰਾਮ ਜੀ ਨੇ ਸ੍ਰੀ ਰਾਮ ਅਤੇ ਮਾਤਾ ਸੀਤਾ ਨੂੰ ਆਸ਼ੀਰਵਾਦ ਦਿੱਤਾ। ਅਗਲੇ ਦ੍ਰਿਸ਼ ਵਿਚ ਮਹਾਰਾਜਾ ਦਸ਼ਰਥ ਵੱਲੋਂ ਸ਼੍ਰੀ ਰਾਮ ਜੀ ਦੇ ਰਾਜਤਿਲਕ ਦਾ ਐਲਾਨ ਕਰਨ 'ਤੇ ਪ੍ਰਜਾ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਨਾਰਦ ਜੀ ਨੇ ਭਗਵਾਨ ਬ੍ਰਹਮਾ ਦਾ ਸੰਦੇਸ਼ ਦੇ ਕੇ ਸ਼੍ਰੀ ਰਾਮ ਜੀ ਨੂੰ ਧਰਤੀ 'ਤੇ ਆਉਣ ਦੇ ਉਦੇਸ਼ ਦੀ ਯਾਦ ਦਿਵਾਈ। ਸ਼੍ਰੀ ਰਾਮ ਦੀ ਭੂਮਿਕਾ ਵਿਚ ਪਾਰਥ ਸ਼ਰਮਾ, ਲਕਸ਼ਮਣ ਦੀ ਭੂਮਿਕਾ ਵਿਚ ਸ਼ਸ਼ਾਂਕ ਸ਼ਰਮਾ ਅਤੇ ਪਰਸੂਰਾਮ ਦੀ ਭੂਮਿਕਾ ਵਿਚ ਦਿਵਿਆਂਸ਼ ਗੌਤਮ ਨੇ ਪ੍ਰਭਾਵਸ਼ਾਲੀ ਅਦਾਕਾਰੀ ਕੀਤੀ। ਰਾਜਾ ਜਨਕ ਦੀ ਭੂਮਿਕਾ ਵਿਚ ਡਾ. ਅਨਿਲ ਗੌਤਮ ਤੇ ਸੀਤਾ ਦੀ ਭੂਮਿਕਾ ਵਿਚ ਕਮਲ ਸਿੰਗਲਾ ਨੇ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਮਹੰਤ ਯੋਗੀ ਬਾਬਾ ਲਾਲ ਨਾਥ, ਗ੍ਰੀਨ ਮੈਨ ਭਗਵਾਨ ਦਾਸ ਜੁਨੇਜਾ, ਸ਼ਿਵ ਮਿੱਤਲ ਅਤੇ ਸੰਤੋਸ਼ ਮਿੱਤਲ ਨੂੰ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੌਤਮ, ਜਨਰਲ ਸਕੱਤਰ ਰਾਮ ਕੁਮਾਰ ਟੰਡਨ ਅਤੇ ਹੋਰ ਅਹੁਦੇਦਾਰਾਂ ਨੇ ਮਹਿਮਾਨਾਂ ਦਾ ਸਨਮਾਨ ਕੀਤਾ। ਪੰਡਾਲ ਵਿੱਚ ਮੌਜੂਦ ਦਰਸ਼ਕਾਂ ਨੇ ਪੂਰੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ।