- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ.ਆਈ.ਆਰ.-2026 ਤਹਿਤ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦਾ ਰੋਲ ਆਬਜ਼ਰਵਰ ਵਿਨੈ ਬੁਬਲਾਨੀ ਵੱਲੋਂ ਜਾਇਜ਼ਾ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਤਹਿਤ ਪੰਜਾਬ ਰਾਜ ਵਿਚ ਚੱਲ ਰਹੀ ਐਸਆਈਆਰ -2026 ਅਧੀਨ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜ਼ਿਲ੍ਹਾ ਪਟਿਆਲਾ ਲਈ ਨਿਯੁਕਤ ਰੋਲ ਆਬਜ਼ਰਵਰ ਕਮਿਸ਼ਨਰ, ਪਟਿਆਲਾ ਮੰਡਲ, ਪਟਿਆਲਾ ਵਿਨੈ ਬੁਬਲਾਨੀ ਵੱਲੋਂ ਵਿਧਾਨ ਸਭਾ ਚੋਣ ਹਲਕਾ 115-ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਇਸ ਮੌਕੇ ਰੋਲ ਆਬਜ਼ਰਵਰ ਵੱਲੋਂ ਵਿਧਾਨ ਸਭਾ ਚੋਣ ਹਲਕਾ 115-ਪਟਿਆਲਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸੁਪਰਵਾਈਜ਼ਰ ਅਫ਼ਸਰਾਂ ਅਤੇ ਚੋਣ ਅਮਲੇ ਨਾਲ ਮੀਟਿੰਗ ਕੀਤੀ ਗਈ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ, 115-ਪਟਿਆਲਾ ਗੁਰਦੇਵ ਸਿੰਘ ਧੰਮ ਵੱਲੋਂ ਰੋਲ ਆਬਜ਼ਰਵਰ ਦਾ ਸਵਾਗਤ ਕਰਦਿਆਂ ਐਸਆਈਆਰ-2026 ਤਹਿਤ ਹੁਣ ਤੱਕ ਕੀਤੀ ਕਾਰਵਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸਮਾਂ-ਸੀਮਾ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਵਿਨੈ ਬੁਬਲਾਨੀ ਨੇ ਨੋਟਿਸ ਪੜਾਅ, ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ, ਉਨ੍ਹਾਂ ਦੇ ਨਿਪਟਾਰੇ ਅਤੇ ਵੋਟਰ ਸੂਚੀਆਂ ਦੀ ਤਸਦੀਕ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਐਸ.ਆਈ.ਆਰ.-2026 ਦਾ ਮੁੱਖ ਉਦੇਸ਼ ਸ਼ੁੱਧ, ਸਹੀ ਅਤੇ ਤਰੁੱਟੀ-ਰਹਿਤ ਵੋਟਰ ਸੂਚੀਆਂ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ, 2026 ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰ ਸੇਵਾਵਾਂ ਜਾਂ ਐਸ.ਆਈ.ਆਰ.-2026 ਸਬੰਧੀ ਕਿਸੇ ਵੀ ਜਾਣਕਾਰੀ ਲਈ ਸਬੰਧਤ ਹੈਲਪਡੈਸਕ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਦੇਵ ਸਿੰਘ ਧੰਮ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ, ਮੁਕਿਲਨ ਆਰ., ਆਈ.ਏ.ਐਸ., ਓ.ਐਸ.ਡੀ. (ਸ਼ਹਿਰੀ ਮਾਮਲੇ), ਵਿਜੈ ਕੁਮਾਰ ਚੌਧਰੀ, ਤਹਿਸੀਲਦਾਰ ਚੋਣਾਂ, ਮਿਸ ਪ੍ਰੀਤੀ ਸ਼ਰਮਾ, ਚੋਣ ਕਾਨੂੰਗੋ, ਗੁਰਦੇਵ ਸਿੰਘ, ਇਲੈਕਸ਼ਨ ਇੰਚਾਰਜ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।