ਖਰੀਦ ਕੇਂਦਰ ਹੇੜੀਕੇ ’ਚ ਪਾਣੀ ਤੇ ਪਖਾਨਿਆਂ ਦੀ ਘਾਟ ਖਰੀਦ ਕੇਂਦਰ ਹੇੜੀਕੇ ’ਚ ਪਾਣੀ ਤੇ ਪਖਾਨਿਆਂ ਦੀ ਘਾਟ
Publish Date: Sun, 25 Oct 2026 03:50 PM (IST)
Updated Date: Mon, 26 Oct 2026 04:01 AM (IST)
ਮੰਡੀ ਵਿੱਚ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਲੇਰਕੋਟਲਾ/ਸ਼ੇਰਪੁਰ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਪੈਂਦੇ ਖ਼ਰੀਦ ਕੇਂਦਰ ਹੇੜੀਕੇ ਵਿੱਚ ਪਾਣੀ ਅਤੇ ਪਖਾਨਿਆਂ ਦੇ ਅਧੂਰੇ ਪ੍ਰਬੰਧਾਂ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਰੀਦ ਕੇਂਦਰ ਵਿੱਚ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਆਲੇ-ਦੁਆਲੇ ਲੱਗੀਆਂ ਮੋਟਰਾਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਮਜ਼ਦੂਰਾਂ ਦੀ ਸਹੂਲਤ ਲਈ ਬਣਾਏ ਗਏ ਆਰਜ਼ੀ ਪਖਾਨਿਆਂ ਦਾ ਕੰਮ ਵੀ ਅਧੂਰਾ ਦਿਖਾਈ ਦੇ ਰਿਹਾ ਹੈ। ਪਖਾਨਿਆਂ ਦੇ ਆਲੇ-ਦੁਆਲੇ ਚਾਰਦੀਵਾਰੀ ਨਾ ਹੋਣ ਕਾਰਨ ਵੀ ਪ੍ਰਬੰਧਾਂ ’ਤੇ ਸਵਾਲ ਉੱਠ ਰਹੇ ਹਨ। ਦੂਜੇ ਪਾਸੇ, ਮੰਡੀ ਵਿੱਚ ਥਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣਾ ਝੋਨਾ ਕੱਚੇ ਫੜ੍ਹਾਂ ’ਤੇ ਉਤਾਰਨਾ ਪੈ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਫ਼ਸਲ ਦੀ ਸੰਭਾਲ ਅਤੇ ਹੋਰ ਕੰਮਾਂ ਵਿੱਚ ਦਿੱਕਤਾਂ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਠੇਕੇਦਾਰ ਸੱਤਾ ਸਿੰਘ ਨੇ ਦੱਸਿਆ ਕਿ ਮੋਟਰ ਖ਼ਰਾਬ ਹੋਣ ਕਾਰਨ ਪਾਣੀ ਦੀ ਸਮੱਸਿਆ ਪੈਦਾ ਹੋਈ ਸੀ। ਇਸ ਕਾਰਨ ਮਜ਼ਦੂਰਾਂ ਨੂੰ ਆਲੇ-ਦੁਆਲੇ ਦੀਆਂ ਮੋਟਰਾਂ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਮਾਰਕੀਟ ਕਮੇਟੀ ਸ਼ੇਰਪੁਰ ਦੇ ਕਰਮਚਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਬਾਕੀ ਪ੍ਰਬੰਧ ਠੀਕ ਚੱਲ ਰਹੇ ਹਨ। ਮੋਟਰ ਵਿੱਚ ਕੁਝ ਸਮੱਸਿਆ ਆਈ ਸੀ, ਜਿਸ ਨੂੰ ਠੀਕ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਖਾਨਿਆਂ ਦੇ ਆਲੇ-ਦੁਆਲੇ ਚਾਰਦੀਵਾਰੀ ਦਾ ਕੰਮ ਅਧੂਰਾ ਹੈ, ਜਿਸ ਨੂੰ ਜਲਦੀ ਮੁਕੰਮਲ ਕਰਵਾ ਦਿੱਤਾ ਜਾਵੇਗਾ।