ਰਾਜਪੁਰਾ ’ਚ ਦੁਕਾਨਾਂ, ਵਿੱਦਿਅਕ ਤੇ ਵਪਾਰਕ ਅਦਾਰੇ ਰਹੇ ਮੁਕੰਮਲ ਬੰਦ ਰਾਜਪੁਰਾ ਵਿੱਚ ਦੁਕਾਨਾਂ, ਵਿੱਦਿਅਕ ਤੇ ਵਪਾਰਕ ਅਦਾਰੇ ਰਹੇ ਮੁਕੰਮਲ ਬੰਦ
Publish Date: Fri, 21 Aug 2026 05:14 PM (IST)
Updated Date: Fri, 21 Aug 2026 05:15 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਬੰਦੀ ਸਿੰਘਾਂ ਦੀ ਰਿਹਾਈ ਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਇਤਿਹਾਸਕ ਸ਼ਹਿਰ ਰਾਜਪੁਰਾ ਵਿਚ ਭਰਵਾਂ ਅਤੇ ਸ਼ਾਂਤੀਪੂਰਵਕ ਹੁੰਗਾਰਾ ਮਿਲਿਆ ਹੈ। ਬੰਦ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ, ਵਪਾਰਕ ਅਧਾਰਤ ਅਦਾਰਿਆਂ ਤੇ ਵਿੱਦਿਅਕ ਸੰਸਥਾਵਾਂ ’ਚ ਮੁਕੰਮਲ ਤੌਰ ਤੇ ਕੰਮਕਾਜ ਠੱਪ ਰਿਹਾ। ਦੁਕਾਨਦਾਰਾਂ ਤੇ ਵਪਾਰਕ ਵਰਗ ਨੇ ਖ਼ੁਦ ਅੱਗੇ ਆ ਕੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਇਸ ਅੰਦੋਲਨ ਨੂੰ ਆਪਣਾ ਪੂਰਨ ਸਮਰਥਨ ਦਿੱਤਾ। ਬੰਦ ਦੇ ਪ੍ਰੋਗਰਾਮ ਤਹਿਤ ਸ਼ਹਿਰ ਦੇ ਕੇਂਦਰੀ ਤੇ ਭੀੜ-ਭੜੱਕੇ ਵਾਲੇ ਇਲਾਕੇ ਗਗਨ ਚੌਕ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਜਸਵਿੰਦਰ ਸਿੰਘ (ਕੌਮੀ ਇਨਸਾਫ਼ ਮੋਰਚਾ), ਅਮਰਿੰਦਰ ਸਿੰਘ ਹੈਪੀ (ਸੂਬਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਚੜੂਨੀ) ਤੇ ਮਨਜੀਤ ਸਿੰਘ ਘੁਮਾਣਾ (ਰਾਸ਼ਟਰੀ ਪ੍ਰਧਾਨ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ), ਬੂਟਾ ਸਿੰਘ ਖਰਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਸੂਬਾ ਕਿਸਾਨ ਆਗੂ ਬਲਕਾਰ ਸਿੰਘ ਬੈਂਸ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਧਰਨੇ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਬੰਦੀ ਸਿੰਘਾਂ ਦੇ ਹੱਕ ’ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਇਨਸਾਫ਼ ਦੀ ਮੰਗ ਦੇ ਰੋਹ ਨਾਲ ਗੂੰਜ ਉੱਠਿਆ। ਸ਼ਾਂਤੀਪੂਰਵਕ ਢੰਗ ਨਾਲ ਚੱਲਿਆ ਇਹ ਰੋਸ ਪ੍ਰਦਰਸ਼ਨ ਅਤੇ ਬੰਦ ਦਾ ਸੱਦਾ ਦੁਪਹਿਰ ਦੋ ਵਜੇ ਤੈਅ ਕੀਤੇ ਸਮੇਂ ਅਨੁਸਾਰ ਅਮਨ-ਅਸ਼ਾਂਤੀ ਨਾਲ ਸਮਾਪਤ ਹੋਇਆ। ਰਾਜਪੁਰਾ ਗਗਨ ਚੌਕ ਦੇ ਨੇੜੇ ਲਗਾਏ ਗਏ ਧਰਨੇ ’ਚ ਫੌਜ ਦੀ ਗੱਡੀ ਆਈ ਤਾਂ ਜਦੋਂ ਉਹ ਸਖਤੀ ਦੇ ਨਾਲ ਲਗਾਏ ਗਏ ਧਰਨੇ ਨੂੰ ਹਟਾ ਕੇ ਲੰਘਣ ਲੱਗੇ ਤਾਂ ਧਰਨਾਕਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਉਨ੍ਹਾਂ ਦੇ ਤਕਰਾਰ ਹੋਣ ਤੋਂ ਟਲ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਮੌਜੂਦ ਸਨ।