ਪੰਜਾਬ 'ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ, ਚਿਪਸ ਦੇ ਪੈਸੇ ਮੰਗਣ ’ਤੇ ਦੁਕਾਨਦਾਰ ਉੱਤੇ ਤਲਵਾਰਾਂ ਨਾਲ ਹਮਲਾ; ਗੰਭੀਰ ਹਾਲਤ 'ਚ ਜ਼ਖ਼ਮੀ ਸ਼ਹਿਰ ਦੇ ਨਵੇਂ ਬੱਸ ਅੱਡੇ ਦੇ ਅੰਦਰ ਸੋਮਵਾਰ ਸ਼ਾਮ ਨੂੰ ਚਿਪਸ ਦੇ ਪੈਕੇਟ ਦੇ ਪੈਸੇ ਮੰਗਣ ’ਤੇ 10 ਤੋਂ 15 ਨੌਜਵਾਨਾਂ ਨੇ ਇਕ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਦੁਕਾਨਦਾਰ ਨਾਲ ਗਾਲੀ-ਗਲੋਚ ਕੀਤੀ ਤੇ ਫਿਰ ਤਲਵਾਰਾਂ, ਗੰਡਾਸਿਆਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
Publish Date: Tue, 17 Nov 2026 11:37 AM (IST)
Updated Date: Tue, 17 Nov 2026 11:39 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ ਨਵੇਂ ਬੱਸ ਅੱਡੇ ਦੇ ਅੰਦਰ ਸੋਮਵਾਰ ਸ਼ਾਮ ਨੂੰ ਚਿਪਸ ਦੇ ਪੈਕੇਟ ਦੇ ਪੈਸੇ ਮੰਗਣ ’ਤੇ 10 ਤੋਂ 15 ਨੌਜਵਾਨਾਂ ਨੇ ਇਕ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਦੁਕਾਨਦਾਰ ਨਾਲ ਗਾਲੀ-ਗਲੋਚ ਕੀਤੀ ਤੇ ਫਿਰ ਤਲਵਾਰਾਂ, ਗੰਡਾਸਿਆਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੁਕਾਨਦਾਰ ਦੀ ਪਛਾਣ 32 ਸਾਲਾ ਵਿੱਕੀ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਤੁਰੰਤ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਸ਼ਾਮ ਕਰੀਬ ਪੰਜ ਵਜੇ ਤੋਂ ਬਾਅਦ ਵਾਪਰੀ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਹਸਪਤਾਲ ਵਿਚ ਜ਼ੇਰੇ ਇਲਾਜ ਵਿੱਕੀ ਨੇ ਦੱਸਿਆ ਕਿ ਨਵੇਂ ਬੱਸ ਸਟੈਂਡ ਦੇ ਅੰਦਰ ਉਸ ਦੀ ਚਿਪਸ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਦੁਕਾਨ ਹੈ। ਉਸ ਨੇ ਦੋਸ਼ ਲਾਇਆ ਕਿ ਹਮਲਾਵਰ ਨੌਜਵਾਨ ਅਕਸਰ ਬੱਸ ਸਟੈਂਡ ਦੇ ਆਲੇ-ਦੁਆਲੇ ਘੁੰਮਦੇ ਰਹਿੰਦੇ ਹਨ ਅਤੇ ਕਈ ਵਾਰ ਉਸ ਦੀ ਦੁਕਾਨ ਤੋਂ ਸਾਮਾਨ ਚੁੱਕ ਕੇ ਬਿਨਾਂ ਪੈਸੇ ਦਿੱਤੇ ਹੀ ਚਲੇ ਜਾਂਦੇ ਹਨ। ਸੋਮਵਾਰ ਸ਼ਾਮ ਨੂੰ ਵੀ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਉਸ ਦੀ ਦੁਕਾਨ ਤੋਂ ਚਿਪਸ ਦਾ ਪੈਕੇਟ ਚੁੱਕ ਕੇ ਜਾਣ ਲੱਗਾ। ਜਦੋਂ ਵਿੱਕੀ ਨੇ ਉਸ ਨੂੰ ਰੋਕ ਕੇ ਪੈਕੇਟ ਦੇ ਪੈਸੇ ਮੰਗੇ ਤਾਂ ਉਹ ਨੌਜਵਾਨ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਿਆ ਅਤੇ ਧਮਕੀਆਂ ਦਿੰਦਾ ਹੋਇਆ ਉੱਥੋਂ ਚਲਾ ਗਿਆ। ਕੁਝ ਹੀ ਦੇਰ ਬਾਅਦ ਉਕਤ ਨੌਜਵਾਨ ਆਪਣੇ 10 ਤੋਂ 15 ਹੋਰ ਸਾਥੀਆਂ ਨੂੰ ਨਾਲ ਲੈ ਕੇ ਦੁਕਾਨ ’ਤੇ ਵਾਪਸ ਆ ਗਿਆ।
ਹਮਲਾਵਰਾਂ ਦੇ ਹੱਥਾਂ ਵਿਚ ਤਲਵਾਰਾਂ, ਗੰਡਾਸੇ ਅਤੇ ਹੋਰ ਮਾਰੂ ਹਥਿਆਰ ਫੜੇ ਹੋਏ ਸਨ। ਦੋਸ਼ ਹੈ ਕਿ ਆਉਂਦੇ ਸਾਰ ਹੀ ਉਨ੍ਹਾਂ ਨੇ ਵਿੱਕੀ ਨਾਲ ਬਦਸਲੂਕੀ ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਸ ’ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਦੌਰਾਨ ਅੱਖ ਦੇ ਬਿਲਕੁਲ ਨੇੜੇ ਤਲਵਾਰ ਲੱਗਣ ਕਾਰਨ ਵਿੱਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਲਹੂ-ਲੁਹਾਣ ਹੋ ਕੇ ਡਿੱਗ ਪਿਆ।
ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਹਮਲਾਵਰ ਸ਼ਰੇਆਮ ਹਥਿਆਰ ਲਹਿਰਾਉਂਦੇ ਅਤੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਦਿਨ-ਦਿਹਾੜੇ ਬੱਸ ਸਟੈਂਡ ਵਰਗੀ ਭੀੜ-ਭੜੱਕੇ ਵਾਲੀ ਥਾਂ ’ਤੇ ਹੋਈ ਇਸ ਵਾਰਦਾਤ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਮੁਸਾਫ਼ਰਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਰਬਨ ਅਸਟੇਟ ਥਾਣਾ ਪੁਲਿਸ ਵੱਲੋਂ ਵਾਇਰਲ ਵੀਡੀਓ ਤੇ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।