ਸ਼ਿਵਰਾਤਰੀ ਮੌਕੇ ਕੱਢੀ ਜਾਵੇਗੀ ਸ਼ੋਭਾ ਯਾਤਰਾ
ਸ਼ਿਵਰਾਤਰੀ ਮੌਕੇ ਕੱਢੀ ਜਾਵੇਗੀ ਸ਼ੋਭਾ ਯਾਤਰਾ
Publish Date: Sat, 14 Feb 2026 06:34 PM (IST)
Updated Date: Sat, 14 Feb 2026 06:36 PM (IST)

- ਵਿਸ਼ੇਸ਼ ਅਕਰਸ਼ਨ ਹੋਵੇਗਾ ਹੀਰਿਆ ਨਾਲ ਬਣਿਆ ਸ਼ਿਵਲਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਹਾਸ਼ਿਵਰਾਤਰੀ ਮੌਕੇ ਸ਼ਹਿਰ ਦੇ ਵੱਖ-ਵੱਖ ਸ਼ਿਵ ਮੰਦਰਾਂ ਅਤੇ ਧਾਰਮਿਕ ਅਸਥਾਨਾਂ ’ਤੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਸ਼ਰਧਾਲੂਆਂ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਮੰਦਰਾਂ ਨੂੰ ਵਧੀਆ ਢੰਗ ਨਾਲ ਸਜਾਇਆ ਜਾ ਰਿਹਾ ਹੈ। ਜਗ੍ਹਾ-ਜਗ੍ਹਾ ਕੀਰਤਨ, ਭਜਨ, ਰੁਦ੍ਰਾਭਿਸ਼ੇਕ ਅਤੇ ਵਿਸ਼ੇਸ਼ ਪੂਜਾ-ਅਰਚਨਾ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਜਿਸ ਵਿੱਚ ਹੀਰਿਆਂ ਨਾਲ ਤਿਆਰ ਕੀਤਾ ਗਿਆ ਸ਼ਿਵਲਿੰਗ ਸ਼ਰਧਾਲੂਆਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਰਹੇਗਾ। ਸ਼ਨਿਚਰਵਾਰ ਨੂੰ ਪ੍ਰਾਚੀਨ ਸ਼੍ਰੀ ਭੂਤਨਾਥ ਮੰਦਰ ਵਿੱਚ ਭਗਵਾਨ ਸ਼ਿਵ ਦੀ ਸਿਹਰਾ ਬੰਦੀ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ। ਮੰਦਰ ਵਿੱਚ ਕਰਵਾਏ ਕੀਰਤਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਗਵਾਨ ਭੋਲੇਨਾਥ ਦੀ ਸਿਹਰਾ ਬੰਦੀ ਕੀਤੀ। ਇਸਦੇ ਨਾਲ ਹੀ ਸ਼੍ਰੀ ਤੁੰਗਨਾਥ ਮੰਦਰ, ਕੇਦਾਰਨਾਥ ਮੰਦਰ, ਬਦਰੀਨਾਥ ਮੰਦਰ, ਸ਼ਿਵ ਮੰਦਰ ਆਰਿਆ ਸਮਾਜ ਸਮੇਤ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਮੰਦਰਾਂ ਵਿੱਚ ਸਜਾਵਟ ਦੇ ਨਾਲ-ਨਾਲ ਸ਼ਿਵਰਾਤਰੀ ਮੌਕੇ ਕੀਰਤਨ ਅਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼ਿਵਰਾਤਰੀ ਦੇ ਦਿਨ ਸ਼ਰਧਾਲੂ ਜਲ, ਦੁੱਧ, ਬੇਲ ਪੱਤਰ ਅਤੇ ਹੋਰ ਪੂਜਾ ਸਮੱਗਰੀ ਅਰਪਿਤ ਕਰ ਕੇ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਗੇ। ਇਸ ਤੋਂ ਇਲਾਵਾ ਮੰਦਰਾਂ ਵਿੱਚ ਵਿਸ਼ੇਸ਼ ਸਜਾਵਟ, ਰੌਸ਼ਨੀ ਅਤੇ ਪ੍ਰਸਾਦ ਵੰਡਣ ਰਸਮ ਕੀਤੀ ਗਈ ਹੈ, ਤਾਂ ਜੋ ਸ਼ਰਧਾਲੂ ਸ਼ਾਂਤਮਈ ਵਾਤਾਵਰਣ ਵਿੱਚ ਪੂਜਾ-ਅਰਚਨਾ ਕਰ ਸਕਣ। - ਹੀਰਿਆਂ ਨਾਲ ਤਿਆਰ ਸ਼ਿਵਲਿੰਗ ਤੇ ਪਾਲਕੀ ਬਣੇਗੀ ਸ਼ੋਭਾ ਯਾਤਰਾ ਦਾ ਆਕਰਸ਼ਣ ਜਗਤਗੁਰੂ ਭੁਵਨੇਸ਼ਵਰੀ ਨੰਦ ਗਿਰੀ ਜੀ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਹਿੰਦੂ ਸੁਰੱਖਿਆ ਸੰਮਤੀ ਅਤੇ ਸ਼੍ਰੀ ਹਿੰਦੂ ਤਖ਼ਤ ਵੱਲੋਂ ਆਰਿਆ ਸਮਾਜ ਚੌਕ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼ੋਭਾ ਯਾਤਰਾ ਵਿੱਚ ਹੀਰਿਆਂ ਨਾਲ ਤਿਆਰ ਕੀਤਾ ਗਿਆ ਸ਼ਿਵਲਿੰਗ, ਸੋਨੇ ਦੇ ਨੰਦੀ ਅਤੇ ਸਜੀ-ਧਜੀ ਪਾਲਕੀ ਸ਼ਰਧਾਲੂਆਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਰਹਿਣਗੇ। ਸ਼ੋਭਾ ਯਾਤਰਾ ਵਿੱਚ ਦੇਵੀ-ਦੇਵਤਿਆਂ ਦੀਆਂ ਝਾਂਕੀਆਂ, ਕੀਰਤਨ ਮੰਡਲੀਆਂ, ਨੰਦੀ, ਹਾਥੀ-ਘੋੜੇ, ਬੈਂਡ ਪਾਰਟੀ, ਭੂਤ-ਪ੍ਰੇਤ ਦੀਆਂ ਟੋਲੀਆਂ, ਡੀਜੇ ਅਤੇ ਗਿੱਧਾ ਪਾਰਟੀਆਂ ਸ਼ਾਮਲ ਹੋ ਕੇ ਧਾਰਮਿਕ ਮਾਹੌਲ ਨੂੰ ਹੋਰ ਵੀ ਜੀਵੰਤ ਬਣਾਉਣਗੀਆਂ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਵੱਖ-ਵੱਖ ਰਾਜਨੀਤਿਕ ਦਲਾਂ ਦੇ ਅਧਿਕਾਰੀ ਵੀ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਨਗੇ। ਇਹ ਸ਼ੋਭਾ ਯਾਤਰਾ ਆਰਯ ਸਮਾਜ ਚੌਕ ਤੋਂ ਸ਼ੁਰੂ ਹੋ ਕੇ ਤ੍ਰਿਵੇਣੀ ਚੌਕ, ਸਰਹੰਦੀ ਬਾਜ਼ਾਰ, ਗੁੜ ਮੰਡੀ, ਕਿਲਾ ਚੌਕ, ਏ-ਟੈਂਕ, ਅਦਾਲਤ ਬਾਜ਼ਾਰ, ਅਨਾਰਦਾਨਾ ਚੌਕ, ਧਰਮਪੁਰਾ ਬਾਜ਼ਾਰ, ਸ਼ੇਰਾਂਵਾਲਾ ਗੇਟ, ਸ਼ੇਰੇ ਪੰਜਾਬ ਮਾਰਕੀਟ ਅਤੇ ਲਾਹੌਰੀ ਗੇਟ ਤੋਂ ਹੁੰਦੀ ਹੋਈ ਮੁੜ ਆਰਿਆ ਸਮਾਜ ਚੌਕ ‘ਤੇ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਦੇ ਮਾਰਗ ’ਤੇ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਸ਼ਰਧਾਲੂਆਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਜਾਵੇਗੀ।