ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਸੀਵਰਮੈਨਾਂ ਨੇ ਕੰਮ ਕੀਤਾ ਬੰਦ
ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਸੀਵਰਮੈਨਾਂ ਨੇ ਕੰਮ ਬੰਦ ਕੀਤਾ
Publish Date: Tue, 24 Feb 2026 05:59 PM (IST)
Updated Date: Wed, 25 Feb 2026 04:07 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿਚ ਸੀਵਰੇਜ ਦੀ ਸਫਾਈ ਦਾ ਕੰਮ ਸੰਭਾਲਣ ਵਾਲੇ ਸੀਵਰਮੈਨਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਨਾਰਾਜ਼ ਸੀਵਰਮੈਨਾਂ ਨੇ ਮੰਗਲਵਾਰ ਨੂੰ ਕੰਮਕਾਜ ਬੰਦ ਕਰ ਦਿੱਤਾ। ਸੀਵਰਮੈਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾਂਦੀ, ਤਦ ਤੱਕ ਉਹ ਪੂਰੀ ਤਰ੍ਹਾਂ ਕੰਮ ਬੰਦ ਰੱਖਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਜਾਂ ਸੀਵਰੇਜ ਬੋਰਡ ਵੱਲੋਂ ਜਲਦ ਤੋਂ ਜਲਦ ਉਨ੍ਹਾਂ ਦੀ ਤਨਖਾਹ ਜਾਰੀ ਕੀਤੀ ਜਾਵੇ। ਸੀਵਰੇਜ ਦੀ ਸਫਾਈ ਦਾ ਕੰਮ ਬੰਦ ਹੋਣ ਕਾਰਨ ਸ਼ਹਿਰ ’ਚ ਥਾਂ-ਥਾਂ ਸੀਵਰੇਜ ਓਵਰਫਲੋ ਦੀ ਸਮੱਸਿਆ ਪੈਦਾ ਹੋ ਰਹੀ ਹੈ, ਕਿਉਂਕਿ ਪਹਿਲਾਂ ਹੀ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਖ਼ਰਾਬ ਹਾਲਤ ਵਿਚ ਹੈ। ਸ਼ਹਿਰ ਦੇ ਕਾਂਗਰਸੀ ਕੌਂਸਲਰ ਵੀ ਸੀਵਰਮੈਨਾਂ ਦੇ ਸਮਰਥਨ ਵਿਚ ਉਤਰੇ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਜਲਦ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ। ਸੀਵਰਮੈਨ ਰਾਜ ਕੁਮਾਰ, ਸੋਨੂ, ਸਮਿਤ ਕੁਮਾਰ, ਜਗਪਾਲ ਸਿੰਘ, ਬਲਕਾਰ ਸਿੰਘ, ਅਰੁਣ ਕੁਮਾਰ, ਪਵਨ ਕੁਮਾਰ, ਗੁਰਪਿਆਰ ਸਿੰਘ, ਗਗਨ ਕੁਮਾਰ, ਅਮਨਦੀਪ ਸਿੰਘ, ਸ਼ੰਮੀ ਰਾਣਾ, ਮੋਹਨ ਅਤੇ ਸੋਹਨ ਲਾਲ ਨੇ ਦੱਸਿਆ ਕਿ ਸ਼ਹਿਰ ਵਿੱਚ 29 ਵਾਰਡ ਹਨ ਅਤੇ ਇਲਾਕਾ ਕਾਫੀ ਵੱਡਾ ਹੈ, ਪਰ ਇਸ ਦੇ ਬਾਵਜੂਦ ਕੇਵਲ 19 ਸੀਵਰਮੈਨ (ਤਿੰਨ ਰੈਗੂਲਰ ਅਤੇ 16 ਕੱਚੇ) ਹੀ ਸੀਵਰੇਜ ਸਫਾਈ ਦਾ ਕੰਮ ਕਰ ਰਹੇ ਹਨ। ਉਹ ਪਿਛਲੇ ਡੇਢ ਦਹਾਕੇ ਤੋਂ ਇਹ ਕੰਮ ਕਰ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਗਿਆ। ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਹ ਵੀ ਸਮੇਂ ’ਤੇ ਨਹੀਂ ਮਿਲਦੀ। ਅਕਸਰ ਦੋ-ਤਿੰਨ ਮਹੀਨੇ ਬਾਅਦ ਸਿਰਫ਼ ਇਕ ਮਹੀਨੇ ਦੀ ਤਨਖਾਹ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਫਰਵਰੀ ਮਹੀਨਾ ਖ਼ਤਮ ਹੋਣ ਵਾਲਾ ਹੈ, ਪਰ ਦੋ ਮਹੀਨਿਆਂ ਤੋਂ ਤਨਖਾਹ ਜਾਰੀ ਨਹੀਂ ਹੋਈ। ਇਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਖ਼ਰਾਬ ਹੋ ਰਹੀ ਹੈ ਤੇ ਪਰਿਵਾਰਾਂ ਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਇਸੇ ਕਾਰਨ ਉਨ੍ਹਾਂ ਨੇ ਕੰਮ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਹੜਤਾਲ ਜਾਰੀ ਰਹੇਗੀ। ਮੌਕੇ ’ਤੇ ਪਹੁੰਚੇ ਕਾਂਗਰਸੀ ਕੌਸਲਰ ਨੱਥੂ ਲਾਲ ਢੀੰਗਰਾ, ਮਨੀ ਕਥੂਰੀਆ, ਸੁਰਿੰਦਰ ਸਿੰਘ ਭਿੰਡਰ ਅਤੇ ਰਵੀ ਚਾਵਲਾ ਨੇ ਕਿਹਾ ਕਿ ਸੀਵਰਮੈਨ ਲੰਬੇ ਸਮੇਂ ਤੋਂ ਸਮੇਂ ਸਿਰ ਤਨਖਾਹ ਨਾ ਮਿਲਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹਰ ਵਾਰ ਉਨ੍ਹਾਂ ਨੂੰ ਤਨਖਾਹ ਲਈ ਧਰਨਾ ਜਾਂ ਹੜਤਾਲ ਕਰਨੀ ਪੈਂਦੀ ਹੈ। ਅੱਜ ਵੀ ਉਹ ਸੀਵਰੇਜ ਬੋਰਡ ਦੇ ਐਕਸੀਐਨ ਨਾਲ ਮਿਲਣ ਲਈ ਪਹੁੰਚੇ ਸਨ, ਪਰ ਉਹ ਨਹੀਂ ਮਿਲੇ। ਇਸ ਤੋਂ ਬਾਅਦ ਜੇਈ (ਸੀਵਰੇਜ) ਨਾਲ ਗੱਲਬਾਤ ਕੀਤੀ ਗਈ, ਜਿਸ ਨੇ ਦੱਸਿਆ ਕਿ ਕਰਮਚਾਰੀਆਂ ਦੀ ਹਾਜ਼ਰੀ ਅਜੇ ਵਿਭਾਗ ਕੋਲ ਅਪਡੇਟ ਨਹੀਂ ਹੋਈ। ਹਾਜ਼ਰੀ ਅਪਡੇਟ ਹੋਣ ਤੋਂ ਬਾਅਦ ਹੀ ਤਨਖਾਹ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਲਕਾ ਆਬਜ਼ਰਵਰ ਪਰਮਜੀਤ ਕੌਰ ਵੀ ਮੌਕੇ ’ਤੇ ਪਹੁੰਚੀ ਅਤੇ ਸੀਵਰਮੈਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਲਦ ਤਨਖਾਹ ਜਾਰੀ ਕਰਵਾਈ ਜਾਵੇਗੀ।