ਅਫ਼ਸਰ ਕਾਲੋਨੀ ’ਚ ਸੀਵਰੇਜ ਜਾਮ, ਲੋਕ ਪ੍ਰੇਸ਼ਾਨ ਅਫ਼ਸਰ ਕਲੋਨੀ ’ਚ ਸੀਵਰੇਜ ਜਾਮ, ਲੋਕ ਪ੍ਰੇਸ਼ਾਨ
Publish Date: Wed, 11 Nov 2026 03:38 PM (IST)
Updated Date: Thu, 12 Nov 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸੰਗਰੂਰ ਦੀ ਅਫ਼ਸਰ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਹੱਦੋਂ ਵੱਧ ਬੁਰਾ ਹੋ ਚੁੱਕਾ ਹੈ। ਕਲੋਨੀ ਦੀਆਂ ਮੇਨ ਹੋਦੀਆਂ ਭਰੀਆਂ ਪਈਆਂ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਤੇ ਗਲੀਆਂ ਵਿੱਚ ਬਾਹਰ ਆ ਰਿਹਾ ਹੈ। ਸਭ ਤੋਂ ਬੁਰੀ ਹਾਲਤ ਅਫ਼ਸਰ ਕਲੋਨੀ ਦੇ ਪਾਰਕ ਦੇ ਗੇਟ ਸਾਹਮਣੇ ਹੈ। ਇੱਥੇ ਸੀਵਰੇਜ ਦਾ ਗੰਦਾ ਪਾਣੀ ਕਈ ਦਿਨਾਂ ਤੋਂ ਖੜ੍ਹਾ ਹੈ ਅਤੇ ਹੁਣ ਇਹ ਪਾਰਕ ਦੇ ਅੰਦਰ ਵੀ ਪ੍ਰਵੇਸ਼ ਕਰ ਗਿਆ ਹੈ। ਗੰਦੇ ਪਾਣੀ ਦੀ ਬਦਬੂ, ਮੱਛਰਾਂ ਅਤੇ ਗੰਦਗੀ ਕਾਰਨ ਬੀਮਾਰੀ ਫੈਲਣ ਦਾ ਖ਼ਤਰਾ ਬਣ ਗਿਆ ਹੈ। ਬੀਮਾਰ ਹੋਣ ਦੇ ਡਰੋਂ ਪਾਰਕ ਵਿੱਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੇ ਆਉਣਾ ਬੰਦ ਕਰ ਦਿੱਤਾ ਹੈ। ਜਿਸ ਪਾਰਕ ਵਿੱਚ ਸਵੇਰੇ-ਸ਼ਾਮ ਸੈਰ ਕਰਨ ਵਾਲਿਆਂ ਦੀ ਰੌਣਕ ਲੱਗੀ ਰਹਿੰਦੀ ਸੀ, ਅੱਜ ਉੱਥੇ ਸੁੰਨ੍ਹ ਪਸਰੀ ਹੋਈ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮਵੇਦ ਕਮੇਟੀ ਮੈਂਬਰ ਗੁਰਤੇਜ ਸਿੰਘ ਚਹਿਲ , ਕ੍ਰਿਸ਼ਨ ਸਿੰਘ, ਐਡਵੋਕੇਟ ਕੁਲਦੀਪ, ਜਸਵੀਰ ਸਿੰਘ ਮਾਨ ਕਲੋਨੀ ਵਾਸੀਆਂ ਬਲਵਿੰਦਰ ਸਿੰਘ,ਐਡਵੋਕੇਟ ਖੇਮ ਚੰਦ ਚੰਦ ਰਾਓ, ਮਾਸਟਰ ਸੁਖਵੀਰ ਸਿੰਘ, ਦਰਸ਼ਨ ਸਿੰਘ,ਸਰੂਪ ਸਿੰਘ,ਬੀਟੂ ਝੱਜ,ਮੈਨੇਜਰ ਰਜਿੰਦਰ ਛਾਬੜਾ, ਸੋਮਨਾਥ ਆਦਿ ਨੇ ਜ਼ਿਲ੍ਹੇ ਦੇ ਨਗਰ ਕੌਂਸਲ ਦੇ ਈ.ਓ. ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸੀਵਰੇਜ ਦੀਆਂ ਓਵਰ ਫਲੋ ਹੋਦੀਆਂ ਦੀ ਤੁਰੰਤ ਸਫ਼ਾਈ ਕਰਵਾਉਣ ਅਤੇ ਪਾਰਕ ਦੇ ਗੇਟ ਸਾਹਮਣੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ। ਬਹੁਤ ਸਾਰੇ ਕਲੋਨੀ ਵਾਸੀਆਂ ਨੇ ਵੀ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ, ਤਾਂ ਇੱਥੇ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।