ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਢੈਂਠਲ ਵਿਖੇ ਸੱਤਵਾਂ ਸੈਮੀਨਾਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਢੈਂਠਲ ਵਿਖੇ ਸੱਤਵਾਂ ਸੈਮੀਨਾਰ
Publish Date: Sun, 26 Jul 2026 06:04 PM (IST)
Updated Date: Sun, 26 Jul 2026 06:08 PM (IST)
ਫੋਟੋ 26ਪੀਟੀਐਲ: 23: ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਸੱਤਵਾਂ ਸੈਮੀਨਾਰ ਪਿੰਡ ਢੈਂਠਲ ਵਿਖੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ‘ਗੁਰੂ ਰਵਿਦਾਸ ਦੇ ਸਮਕਾਲੀ ਬਾਣੀਕਾਰਾਂ ਨਾਲ ਸਰੋਕਾਰ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ’ਚ ਸੰਨ੍ਹੀ ਓਬਰਾਏ ਵਿਵੇਕ ਸਦਨ ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਅਨੰਦਪੁਰ ਸਾਹਿਬ ਦੇ ਵਾਈਸ ਚਾਂਸਲਰ ਡਾ. ਸਰਬਜਿੰਦਰ ਸਿੰਘ ਨੇ ਮੁੱਖ ਭਾਸ਼ਣ ਦਿੱਤਾ। ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਵੱਲੋਂ ਸ਼ੁਰੂ ਕੀਤੀ ਕ੍ਰਾਂਤੀਕਾਰੀ ਵਿਚਾਰਧਾਰਾ ਨੇ ਸਮਾਜ ਦੇ ਹਾਸ਼ੀਏ ਤੇ ਧੱਕੇ ਗਏ ਵਰਗਾਂ ਨੂੰ ਇਨਸਾਨ ਹੋਣ ਦਾ ਅਹਿਸਾਸ ਕਰਵਾਇਆ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਖੰਡ, ਜਾਤ-ਪਾਤ ਅਤੇ ਊਚ-ਨੀਚ ਦਾ ਖੰਡਨ ਕਰਦੀ ਹੈ, ਪਰ ਅੱਜ ਵੀ ਸਮਾਜ ’ਚ ਇਨ੍ਹਾਂ ਰਵਾਇਤਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਉਨ੍ਹਾਂ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਸਮਾਜਿਕ ਸਮਾਨਤਾ ਅਤੇ ਮਨੁੱਖਤਾ ਦਾ ਪ੍ਰਤੀਕ ਦੱਸਿਆ। ਗੌਰਮਿੰਟ ਕਾਲਜ ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ, ਸੰਤ ਕਬੀਰ, ਭਗਤ ਨਾਮਦੇਵ, ਭਗਤ ਸੈਣ ਅਤੇ ਭਗਤ ਪੀਪਾ ਵਰਗੇ ਬਾਣੀਕਾਰਾਂ ਦੀ ਬਾਣੀ ਸਮਾਜਿਕ ਬਰਾਬਰੀ ਅਤੇ ਮਨੁੱਖੀ ਮੁੱਲਾਂ ਨੂੰ ਪ੍ਰਮੁੱਖਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ‘ਬੇਗਮਪੁਰਾ’ ਦਾ ਸੰਦੇਸ਼ ਸਮਾਨਤਾ ਅਤੇ ਨਿਆਂ-ਅਧਾਰਿਤ ਸਮਾਜ ਦੀ ਸਿਰਜਣਾ ਦਾ ਪ੍ਰਤੀਕ ਹੈ। ਵਿਸ਼ੇਸ਼ ਮਹਿਮਾਨ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਮਨੂੰਵਾਦੀ ਰਵਾਇਤਾਂ ਕਾਰਨ ਗੁਰੂ ਰਵਿਦਾਸ ਵਰਗੇ ਮਹਾਨ ਰਹਿਬਰਾਂ ਦੇ ਇਤਿਹਾਸ ਨੂੰ ਅਣਗੌਲਿਆ ਕੀਤਾ ਗਿਆ ਹੈ। ਸੈਮੀਨਾਰ ਲੜੀ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਅਤੇ ਹੋਰ ਬਾਣੀਕਾਰਾਂ ਦੇ ਜੀਵਨ ਅਤੇ ਫ਼ਲਸਫ਼ੇ ਤੇ ਆਧਾਰਿਤ ਅਜਿਹੇ ਸੈਮੀਨਾਰ ਅੱਗੇ ਵੀ ਜਾਰੀ ਰਹਿਣਗੇ। ਸਮਾਗਮ ਦੌਰਾਨ ਡਾ. ਗੁਰਮੀਤ ਕੱਲਰਮਾਜਰੀ ਨੇ ਸਵਾਗਤੀ ਅਤੇ ਡਾ. ਸੰਤੋਖ ਸਿੰਘ ਨੇ ਧੰਨਵਾਦੀ ਭਾਸ਼ਣ ਦਿੱਤਾ। ਇਸ ਮੌਕੇ ਫਤਿਹਜੰਗ ਸਿੰਘ ਚੰਡੀਗੜ੍ਹ, ਭਾਸ਼ਾ ਵਿਭਾਗ ਦੇ ਅਡਿਸ਼ਨਲ ਡਾਇਰੈਕਟਰ ਸਤਨਾਮ ਸਿੰਘ, ਤੇਜਿੰਦਰਪਾਲ ਸਿੰਘ ਸੰਧੂ, ਰਾਮ ਸਰੂਪ ਪੰਜੋਲਾ, ਸਾਬਕਾ ਆਈਟੀਓ ਜਰਨੈਲ ਸਿੰਘ ਤੇ ਬੰਤ ਸਿੰਘ ਝੰਡੀ, ਗਿਆਨਦੀਪ ਸਾਹਿਤ ਸਾਧਨਾ ਵਲੋਂ ਗੁਰਚਰਨ ਚੰਨ ਪਟਿਆਲਵੀ, ਪਰਮਿੰਦਰ ਸਿੰਘ ਰਾਏਪੁਰ, ਨਿਰਭੈ ਸਿੰਘ ਰੁੜਕੀ, ਬਲਜਿੰਦਰ ਸਿੰਘ ਵੜੈਚ, ਦਰਸ਼ਨ ਸਿੰਘ ਦਰਸ਼, ਸਤਵਿੰਦਰ ਸਿੰਘ ਪਟਿਆਲਾ, ਨੰਦ ਲਾਲ ਪਟਿਆਲਾ, ਹਰਬੰਸ ਸਿੰਘ, ਹਰਬੰਸ ਗੁਰੂ, ਸਮਰਿਤੀ ਡੋਗਰਾ, ਗੁਰਨਾਮ ਸਿੰਘ ਤਹਿਸੀਲਦਾਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ।