
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਰੀਅਰ ਡਿਫੈਂਸ ਸਕੂਲ ’ਚ ਮਾਨਸਿਕ ਸਿਹਤ ਸਬੰਧੀ ਸੈਮੀਨਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਚਲਾਈ ਜਾ ਰਹੀ ‘ਮਨੋਬਲਮ’ ਮੁਹਿੰਮ ਤਹਿਤ ਕਰੀਅਰ ਡਿਫੈਂਸ ਸਕੂਲ ਵਿਚ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਮੁਹਿੰਮ ਤਹਿਤ ਸਕੂਲਾਂ, ਕਾਲਜਾਂ ਤੇ ਵੱਖ-ਵੱਖ ਇੰਸਟੀਚਿਊਟਸ ਵਿਚ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਕ ਘੰਟੇ ਦੇ ਸੈਮੀਨਾਰ ਦੌਰਾਨ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਦਿਵਯ ਗੁਰੂ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਮਨੇਂਦਰਾ ਭਾਰਤੀ ਜੀ ਨੇ ਮਾਨਸਿਕ ਸਿਹਤ ਬਾਰੇ ਅਧਿਆਤਮਿਕ, ਮਾਨਸਿਕ ਤੇ ਸਰੀਰਕ ਪੱਖਾਂ ਤੋਂ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨਸ਼ੈਲੀ ਕਾਰਨ ਬੱਚਿਆਂ, ਨੌਜਵਾਨਾਂ, ਕੰਮਕਾਜੀ ਲੋਕਾਂ ਅਤੇ ਬਜ਼ੁਰਗਾਂ ਵਿਚ ਤਣਾਅ ਤੇ ਮਾਨਸਿਕ ਸਮੱਸਿਆਵਾਂ ਵਧ ਰਹੀਆਂ ਹਨ, ਜਿਸ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਜ਼ਰੂਰੀ ਹੈ। ਸਾਧਵੀ ਮਨੇਂਦਰਾ ਭਾਰਤੀ ਨੇ ਯੋਗਾ, ਸਾਹ ਲੈਣ ਦੀਆਂ ਕਸਰਤਾਂ ਅਤੇ ਸਰੀਰਕ ਗਤੀਵਿਧੀਆਂ ਦੀ ਮਹੱਤਤਾ ਸਮਝਾਈ। ਉਨ੍ਹਾਂ ਨੇ ਮਨ ਦੀ ਪ੍ਰਕਿਰਤੀ ਅਤੇ ਭਾਵਨਾਤਮਕ ਸੰਤੁਲਨ ਲਈ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੋਸ਼ਣ ਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਤਰਨਜੀਤ ਸੰਧੂ ਨੇ ‘ਮਨੋਬਲਮ’ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਉਪਰਾਲਾ ਦੱਸਿਆ।