ਪੱਕਾ ਮੋਰਚਾ ਲਾਉਣ ਪੁੱਜੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਪੱਕਾ ਮੋਰਚਾ ਲਾਉਣ ਪੁੱਜੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ
Publish Date: Tue, 22 Sep 2026 07:12 PM (IST)
Updated Date: Wed, 23 Sep 2026 04:06 AM (IST)
ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਸ਼ਾਮ ਵੇਲੇ ਕੀਤਾ ਰਿਹਾਅ ਫੋਟੋ–41 ਕੈਪਸ਼ਨ–ਸੰਗਰੂਰ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਦੀ ਤਸਵੀਰ। ਫੋਟੋ–42 ਕੈਪਸ਼ਨ–ਸੰਗਰੂਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਕੇ ਜਾਂਦੇ ਹੋਏ। ਜਸਵੀਰ ਸਿੰਘ/ਬਲਜਿੰਦਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਪੁਲਿਸ ਤਸ਼ੱਦਦ ਦੇ ਸ਼ਿਕਾਰ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਤੇ ਪਿੰਡ ਤੂਰਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੇ ਖੁਦਕੁਸ਼ੀ ਮਾਮਲੇ ’ਚ ਮੰਤਰੀ ਨੂੰ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਮੋਹਨਜੀਤ ਸਿੰਘ ਇਨਸਾਫ਼ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਕਾਰਕੁੰਨ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਸਾਹਮਣੇ ਪੱਕਾ ਮੋਰਚਾ ਲਾਉਣ ਲਈ ਪੁੱਜੇ। ਇਸ ਦੌਰਾਨ ਵੱਡੀ ਗਿਣਤੀ ’ਚ ਤਾਇਨਾਤ ਪੁਲਿਸ ਬਲ ਨੇ ਉਨ੍ਹਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕ ਦਿੱਤਾ। ਇਸ ਕਾਰਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਕਾਫ਼ੀ ਧੱਕਾ-ਮੁੱਕੀ ਹੋਈ। ਇਸ ਮੌਕੇ 31 ਮੈਂਬਰੀ ਵਫ਼ਦ ਨੇ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੁਲਿਸ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ। ਪੁਲਿਸ ਨੇ ਮੋਹਨਜੀਤ ਸਿੰਘ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਕੇ ਵੱਖ-ਵੱਖ ਥਾਣਿਆਂ ’ਚ ਲਿਜਾ ਕੇ ਬੰਦ ਕਰ ਦਿੱਤਾ। ਦੇਰ ਸ਼ਾਮ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਰੋਜ਼ਾਨਾ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ 21, 31 ਤੇ 51 ਮੈਂਬਰਾਂ ਦੇ ਜਥੇ ਪੱਕਾ ਮੋਰਚਾ ਲਾਉਣਗੇ ਤੇ ਖੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਨਗੇ। ਸਵੇਰੇ ਹੀ ਮੋਹਨਜੀਤ ਸਿੰਘ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਪੀੜਤ ਮੋਹਨਜੀਤ ਸਿੰਘ, ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਭਾਜਪਾ ਦੀ ਜ਼ਿਲ੍ਹਾ ਪ੍ਰਧਾਨ-2 ਦਾਮਨ ਬਾਜਵਾ, ਹਰਮਨਦੇਵ ਬਾਜਵਾ, ਕਾਂਗਰਸੀ ਆਗੂ ਰਜਿੰਦਰ ਦੀਪਾ, ਵਕੀਲ ਮਨਪ੍ਰੀਤ ਸਿੰਘ ਨਮੋਲ, ਵਾਰਿਸ ਪੰਜਾਬ ਦੇ ਚਮਨਦੀਪ ਸਿੰਘ ਮਿਲਖੀ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਯੂਥ ਪ੍ਰਧਾਨ ਸਤਨਾਮ ਸਿੰਘ ਰੱਤੋਕੇ, ਸਰਪੰਚ ਹਰਦੀਪ ਸਿੰਘ ਦੌਲਤਪੁਰਾ, ਵਕੀਲ ਗੁਰਕੀਰਤ ਸਿੰਘ, ਅਵਤਾਰ ਸਿੰਘ ਦਾਨਗੜ੍ਹ, ਕਿਸਾਨ ਆਗੂ ਸੁਰਜੀਤ ਸਿੰਘ ਫੂਲ ਸਮੇਤ ਹੋਰ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਪਹਿਲਾਂ ਕੀਤੇ ਐਲਾਨ ਮੁਤਾਬਕ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਪੱਕਾ ਮੋਰਚਾ ਲਾਉਣ ਲਈ ਪਹੁੰਚੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਪਿੰਡ ਸੋਹੀਆਂ ਖੁਰਦ ਦੇ ਮੋੜ ’ਤੇ ਹੀ ਬੈਰੀਕੇਡ, ਵਾਟਰ ਕੈਨਨ ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਕੇ ਰੋਕ ਲਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਹੀ ਕਰੀਬ ਦੋ ਘੰਟੇ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦੀ ਕੋਸ਼ਿਸ਼ ਕੀਤੀ ਅਤੇ ਭੱਜਦੇ ਹੋਏ ਰਿਹਾਇਸ਼ ਦੇ ਨੇੜੇ ਤੱਕ ਪਹੁੰਚ ਗਏ। ਉੱਥੇ ਪੁਲਿਸ ਨੇ ਮੁੜ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਕਾਫ਼ੀ ਧੱਕਾ-ਮੁੱਕੀ ਹੋਈ।