ਸਕੂਲਾਂ ਦੀਆਂ ਇਮਾਰਤਾਂ ਖਾਲੀ ਕਰਨ ਦੇ ਆਦੇਸ਼ ਨਾਲ 100 ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਖਤਰੇ ’ਚ

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਜ਼ਿਲ੍ਹੇ ਦੇ ਦੋ ਸਰਕਾਰੀ ਪ੍ਰਾਈਮਰੀ ਸਕੂਲਾਂ ਦੀਆ ਬਿਲਡਿੰਗਾਂ ਖਾਲ੍ਹੀ ਕਰਨ ਦੇ ਆਦੇਸ਼ ਆਉਣ ਨਾਲ ਇਨ੍ਹਾਂ ਸਕੂਲਾਂ ਵਿਚ ਪੜ੍ਹ ਰਹੇ 100 ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਜਾਪਣ ਲੱਗਾ ਹੈ। ਦੂਜੇ ਪਾਸੇ ਇਨ੍ਹਾਂ ਸਕੂਲਾਂ ਨੂੰ ਚਲਾਉਣ ਵਾਲੀਆਂ ਇਮਾਰਤਾਂ ਖਾਲੀ ਕਰਨ ਦੇ ਅਚਾਨਕ ਆਏ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ, ਕਿਉਂਕਿ ਫਿਲਹਾਲ ਇਨ੍ਹਾਂ ਸਕੂਲਾਂ ਨੂੰ ਸ਼ਿਫਟ ਕਰਨ ਲਈ ਕੋਈ ਬਦਲ ਉਪਲੱਬਧ ਨਹੀਂ ਹੈ। ਅਜਿਹੇ ਵਿਚ ਜੇ ਇਹ ਸਕੂਲ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਲਈ ਦੋ ਤੋਂ ਪੰਜ ਕਿਲੋਮੀਟਰ ਦੂਰ ਜਾਣ ਲਈ ਮਜਬੂਰ ਹੋਣਾ ਪੈ ਸਕਦਾ ਹੈ,ਜੋ ਕਿ ਸਿੱਖਿਆ ਦੇ ਅਧਿਕਾਰ ਨਿਯਮ ਦਾ ਉਲੰਘਣ ਹੋਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਦੋਵੇ ਸਕੂਲਾਂ ਦੀਆ ਬਿਲਡਿੰਗਾਂ ਦੋ ਦਿਨਾਂ ’ਚ ਖਾਲ੍ਹੀ ਕਰਨ ਦੇ ਆਦੇਸ਼ ਜਾਰੀ ਹੋਏ ਹਨ। ਜਾਣਕਾਰੀ ਅਨੁਸਾਰ ਪਟਿਆਲਾ ਸ਼ਹਿਰ ਦੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਨੇੜੇ ਨਿਰਮਾਣ ਆਸ਼ਰਮ ਦੀ ਬਿਲਡਿੰਗ ’ਚ ਚੱਲ ਰਹੇ ਸਰਕਾਰੀ ਪ੍ਰਾਈਮਰੀ ਸਕੂਲ ਅਤੇ ਪਿੰਡ ਜਲਾਲਖੇੜਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਬਿਲਡਿੰਗ ਨੂੰ ਰੈਡ ਕ੍ਰਾਸ ਵੱਲੋਂ ਆਪਣੀ ਮਲਕੀਅਤੀ ਵਾਲੀ ਥਾਂ ਦੱਸ ਕੇ ਖਾਲ੍ਹੀ ਕਰਵਾਉਣ ਲਈ ਆਖਿਆ ਗਿਆ ਹੈ, ਜਿਸ ਨਾਲ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ 100 ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੁੰਦਾ ਦਿਖਾਈ ਦੇਣ ਲੱਗਾ ਹੈ। ਪਟਿਆਲਾ ਸ਼ਹਿਰ ਦਾ ਇੱਕ ਸਰਕਾਰੀ ਪ੍ਰਾਈਮਰੀ ਸਕੂਲ ਸਾਲ 1963 ਤੋਂ ਨਿਰਮਾਣ ਆਸ਼ਰਮ ਦੀ ਇਮਾਰਤ ’ਚ ਚੱਲ ਰਿਹਾ ਹੈ। ਰੈੱਡਕ੍ਰਾਸ ਨੇ ਦਾਅਵਾ ਕੀਤਾ ਹੈ ਕਿ ਇਹ ਉਨ੍ਹਾਂ ਦੀ ਸੰਪਤੀ ਹੈ ਅਤੇ ਇਸ ਨੂੰ ਵਾਪਸ ਸੌਂਪਣ ਲਈ ਉਨ੍ਹਾਂ ਨੇ ਡੀਸੀ ਨੂੰ ਪੱਤਰ ਲਿਖਿਆ ਸੀ। ਡੀਸੀ ਵੱਲੋਂ ਇਸ ਮਾਮਲੇ ’ਚ ਸਿੱਖਿਆ ਵਿਭਾਗ ਨੂੰ ਜ਼ਰੂਰੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਮੌਜੂਦਾ ਹਾਲਾਤ ਅਜਿਹੇ ਬਣ ਗਏ ਹਨ ਕਿ ਜੇ ਜਲਦੀ ਹੱਲ ਨਾ ਨਿਕਲਿਆ ਤਾਂ ਅਗਲੇ ਦਿਨਾਂ ਤੋਂ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਪੂਰੀ ਤਰ੍ਹਾਂ ਠੱਪ ਹੋ ਸਕਦੀ ਹੈ। ਇਨ੍ਹਾਂ ਦੋਵਾਂ ਸਕੂਲਾਂ ਵਿੱਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀ ਘੱਟ ਆਮਦਨ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਹਨ ਤੇ ਜੇ ਉਨ੍ਹਾਂ ਨੂੰ ਹੋਰ ਸਕੂਲਾਂ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ, ਤਾਂ ਦੂਰੀ ਅਤੇ ਸਰੋਤਾਂ ਦੀ ਘਾਟ ਕਾਰਨ ਵੱਡੀ ਗਿਣਤੀ ਵਿਚ ਬੱਚੇ ਸਿੱਖਿਆ ਤੋਂ ਵੰਚਿਤ ਹੋ ਸਕਦੇ ਹਨ। ਮਾਪਿਆਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਨੂੰ ਪੱਤਰ ਲਿਖ ਕੇ ਸਪਸ਼ਟ ਕੀਤਾ ਹੈ ਕਿ ਇਹ ਸਕੂਲ ਦਹਾਕਿਆਂ ਤੋਂ ਇਲਾਕੇ ਵਿਚ ਚੱਲ ਰਿਹਾ ਹੈ ਅਤੇ ਸਥਾਨਕ ਲੋੜ ਦਾ ਮਹੱਤਵਪੂਰਨ ਕੇਂਦਰ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਸੰਪਤੀ ਰੈਡਕ੍ਰਾਸ ਦੀ ਨਹੀਂ ਹੈ। ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਮਾਨਸਿਕ ਅਤੇ ਸਿੱਖਿਆ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ।