ਸਰਕਾਰੀ ਸਕੂਲ ਚਲਾਉਣਗੇ ਸਫ਼ਾਈ ਮੁਹਿੰਮ ਸਰਕਾਰੀ ਸਕੂਲ ਚਲਾਉਣਗੇ ਸਫਾਈ ਅਭਿਆਨ
Publish Date: Mon, 24 Aug 2026 06:42 PM (IST)
Updated Date: Mon, 24 Aug 2026 06:45 PM (IST)
- ਸਕੂਲ ਮੁਖੀ ਦੇਖਣਗੇ ਕੰਮ ਸਕੂਲਾਂ ਦੀ ਸਫ਼ਾਈ, ਸੁਰੱਖਿਆ ਤੇ ਬੁਨਿਆਦੀ ਸਹੂਲਤਾਂ ਦੀ ਹੋਵੇਗੀ ਜਾਂਚ ਫੋੋਟੋ 24ਪੀਟੀਐੱਲ- 27 ਪਰਗਟ ਸਿੰਘ•, ਪੰਜਾਬੀ ਜਾਗਰਣ,• ਪਟਿਆਲਾ : ਸਰਕਾਰੀ ਸਕੂਲਾਂ ਵਿਚ ਸਾਫ਼-ਸੁਥਰਾ, ਸੁਰੱਖਿਅਤ ਅਤੇ ਵਿਦਿਆਰਥੀਆਂ ਲਈ ਸੁਖਾਵਾਂ ਮਾਹੌਲ ਯਕੀਨੀ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ‘ਸਕੂਲ ਕਲੀਨਲਿਨੈੱਸ ਐਂਡ ਰੈਡੀਨੈੱਸ ਡਰਾਈਵ’ ਚਲਾਈ ਜਾਵੇਗੀ, ਜੋ 28 ਅਗਸਤ ਤੱਕ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਸਕੂਲ ਕੈਂਪਸ ਦੀ ਸਫ਼ਾਈ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਸੁਰੱਖਿਆ ਪ੍ਰਬੰਧਾਂ, ਪੀਣ ਵਾਲੇ ਪਾਣੀ, ਮਿਡ-ਡੇ ਮੀਲ ਅਤੇ ਵਿਦਿਆਰਥੀਆਂ ਲਈ ਲੋੜੀਂਦੀਆਂ ਸਹੂਲਤਾਂ ਦੀ ਜਾਂਚ ਕੀਤੀ ਜਾਵੇਗੀ। ਸਕੂਲ ਮੁਖੀਆਂ ਨੂੰ ਸਕੂਲ ਦਾ ਫਿਜ਼ੀਕਲ ਵਾਕਥਰੂ ਕਰਕੇ ਕਮੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਦੂਜੇ ਪਾਸੇ ਮਾਸਟਰਾਂ ਦਾ ਕਹਿਣਾ ਹੈ ਕਿ ਬਿਨਾਂ ਪੈਸੇ ਤੋਂ ਸਫਾਈ ਮੁਹਿੰਮ ਚਲਾਈ ਅਸੰਭਵ ਹੈ। ਇਸ ਸਬੰਧੀ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੱਤਰ ਜਾਰੀ ਕਰਦਿਆਂ ਆਖਿਆ ਗਿਆ ਹੈ ਕਿ ਅਕਸਰ ਦੇਖਣ ’ਚ ਆਉਂਦਾ ਹੈ ਕਿ ਸਕੂਲ ਕੈਂਪਸ ਤੇ ਆਲਾ ਦੁਆਲਾ ਸਾਫ ਨਹੀਂ ਹੁੰਦਾ, ਜਿਸ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ’ਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜਿਸ ਕਾਰਨ ਸਮੂਹ ਸਕੂਲ ਮੁਖੀ ‘ਸਕੂਲ ਕਲੀਨਲਿਨੈੱਸ ਐਂਡ ਰੈਡੀਨੈੱਸ ਡਰਾਈਵ’ ਚਲਾਉਣਗੇ। ਹਦਾਇਤਾਂ ਅਨੁਸਾਰ ਸਕੂਲ ਮੁਖੀਆਂ ਵੱਲੋਂ ਸਕੂਲ ਕੈਂਪਸ ਦਾ ਵਿਸਥਾਰਤ ਜਾਇਜ਼ਾ ਲੈ ਕੇ ਲੋੜੀਂਦੇ ਸੁਧਾਰ ਕਰਵਾਉਣੇ ਹੋਣਗੇ। ਇਸ ਦੌਰਾਨ ਕਲਾਸਰੂਮਾਂ, ਗਲਿਆਰਿਆਂ, ਖੇਡ ਮੈਦਾਨਾਂ, ਆਲੇ-ਦੁਆਲੇ ਦੇ ਖੇਤਰਾਂ, ਰਸੋਈਘਰ, ਪਖਾਨਿਆਂ ਅਤੇ ਹੋਰ ਥਾਵਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇਗੀ। ਪਾਣੀ ਦੀਆਂ ਟੂਟੀਆਂ, ਬਿਜਲੀ ਦੀਆਂ ਫਿਟਿੰਗਾਂ ਅਤੇ ਹੋਰ ਖਰਾਬ ਸਾਮਾਨ ਦੀ ਵੀ ਜਾਂਚ ਕਰਕੇ ਲੋੜ ਅਨੁਸਾਰ ਮੁਰੰਮਤ ਜਾਂ ਹਟਾਉਣਾ ਹੋਵੇਗਾ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ ਵਿਚ ਅੱਗ ਬੁਝਾਊ ਯੰਤਰ, ਫਸਟ-ਏਡ ਕਿੱਟਾਂ ਤੇ ਹੋਰ ਸੁਰੱਖਿਆ ਸਹੂਲਤਾਂ ਦੀ ਉਪਲਬਧਤਾ ਤੇ ਸਹੀ ਹਾਲਤ ਯਕੀਨੀ ਬਣਾਈ ਜਾਵੇਗੀ। ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਸਾਫ਼-ਸੁਥਰੀਆਂ ਰੱਖਣ ਅਤੇ ਪਾਣੀ ਦੀ ਜਾਂਚ ਕਰਵਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਮਿਡ-ਡੇ ਮੀਲ ਲਈ ਵਰਤੇ ਜਾਂਦੇ ਰਸੋਈਘਰ ਅਤੇ ਭੋਜਨ ਸਟੋਰ ਕਰਨ ਵਾਲੀਆਂ ਥਾਵਾਂ ਦੀ ਸਫ਼ਾਈ ਵੀ ਯਕੀਨੀ ਬਣਾਉਣੀ ਹੋਵੇਗੀ। ਇਸ ਮੁਹਿੰਮ ਤਹਿਤ ਦਿਵਿਆਂਗ ਵਿਦਿਆਰਥੀਆਂ ਲਈ ਰੈਂਪ, ਸੁਗਮ ਪਖਾਨੇ ਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਉਣਾਂ ਯਕੀਨੀ ਬਣਾਇਆ ਜਾਵੇਗਾ। ਇਸ ਕੰਮ ਵਿਚ ਸਕੂਲ ਸਟਾਫ਼ ਤੇ ਸਕੂਲ ਮੈਨੇਜਮੈਂਟ ਕਮੇਟੀ (ਐੱਸਐੱਮਸੀ) ਦੀ ਭੂਮਿਕਾ ਵੀ ਅਹਿਮ ਰਹੇਗੀ। ਐੱਸਐੱਮਸੀ ਮੈਂਬਰਾਂ ਨੂੰ ਸਕੂਲ ਦੀ ਸਫ਼ਾਈ, ਸੁਰੱਖਿਆ ਤੇ ਮੁੱਢਲੀਆਂ ਸਹੂਲਤਾਂ ਦੀ ਸਮੀਖਿਆ ਵਿਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ। -ਦੋ ਦਿਨ ਹੋਵੇਗਾ ਅਚਨਚੇਤ ਨਿਰੀਖਣ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਤਹਿਤ ਸਾਫ ਸਫਾਈ ਮਗਰੋਂ ਦੋ ਦਿਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਨਚੇਤ ਨਿਰੀਖਣ ਕੀਤਾ ਜਾਵੇਗਾ। ਜਿਸ ਤਹਿਤ 27 ਅਤੇ 28 ਅਗਸਤ ਨੂੰ ਨਿਰੀਖਣ ਹੋਵੇਗਾ। ਡਿਪਟੀ ਡੀਈਓ ਡਾ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜਾਰੀ ਹਦਾਇਤਾਂ ਦੀ ਪਾਲਣਾ ਲਈ ਨਿਰੀਖਣ ਕੀਤਾ ਜਾਵੇਗਾ। -ਸਰਕਾਰ ਫੰਡ ਜਾਰੀ ਕਰੇ ਸਰਕਾਰ : ਜੀਟੀਯੂ ਇਸ ਸਬੰਧੀ ਗੱਲਬਾਤ ਕਰਦਿਆ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਨੇ ਆਖਿਆ ਕਿ ਪੰਜਾਬ ਸਰਕਾਰ ਬਿਨਾ ਫੰਡ ਜਾਰੀ ਕੀਤੇ ਸਕੂਲ ਮੁਖੀਆਂ ਨੂੰ ਸਕੂਲਾਂ ਦੀ ਸਾਫ ਸਫਾਈ ਦੇ ਆਦੇਸ਼ ਜਾਰੀ ਕਰ ਰਹੀ ਹੈ, ਜੋ ਕਿ ਨਿਆ ਸੰਗਤ ਹੈ। ਉਨ੍ਹਾਂ ਆਖਿਆ ਕਿ ਪ੍ਰਾਇਮਰੀ ਸਕੂਲਾਂ ਤੋਂ ਤਾਂ ਸਾਫ ਸਫਾਈ ਸਬੰਧੀ ਕੋਈ ਫੰਡ ਹੁੰਦੇ ਹੀ ਨਹੀਂ ਤੇ ਅਪ੍ਰੈਲ ਮਹੀਨੇ ਤੋਂ ਬਾਅਦ ਹੋਰ ਫੰਡ ਵੀ ਜਾਰੀ ਨਹੀਂ ਹੋਏ। ਉਨ੍ਹਾਂ ਆਖਿਆ ਕਿ ਸਰਕਾਰ ਹਵਾ ’ਚ ਗੱਲਾਂ ਕਰਨ ਦੀ ਬਜਾਏ ਸਾਫ ਸਫਾਈ ਲਈ ਵਿਸ਼ੇਸ ਫੰਡ ਜਾਰੀ ਕਰੇ।