ਸਕੂਲੀ ਸਿੱਖਿਆ ਨੂੰ ਬਿਜਲੀ ਮਹਿਕਮੇ ਦਾ ਕਰੰਟ, ਬੰਦ ਹੋਏ ਪ੍ਰੀਪੇਡ ਮੀਟਰ ਸਕੂਲੀ ਸਿੱਖਿਆ ਨੂੰ ਬਿਜਲੀ ਮਹਿਕਮੇ ਦਾ ਕਰੰਟ, ਬੰਦ ਹੋਏ ਪ੍ਰੀਪੇਡ ਮੀਟਰ
Publish Date: Tue, 14 Jul 2026 07:31 PM (IST)
Updated Date: Tue, 14 Jul 2026 07:33 PM (IST)
ਭੂਸ਼ਣ ਗੋਇਲ, ਪਰਗਟ ਸਿੰਘ•, ਪੰਜਾਬੀ ਜਾਗਰਣ•, ਸਮਾਣਾ, ਪਟਿਆਲਾ ☻: ਪਾਵਰਕਾਮ ਵੱਲੋਂ ਸਰਕਾਰੀ ਸਕੂਲਾਂ ’ਚ ਲਗਾਏ ਗਏ ਪ੍ਰੀਪੇਡ ਮੀਟਰ ਸਕੂਲ ਮੁਖੀਆਂ ਲਈ ਸਿਰਦਰਦੀ ਬਣੇ ਹੋਏ ਹਨ। ਅਧਿਆਪਕਾਂ ’ਚ ਬੱਚਿਆ ਨੂੰ ਪੜ੍ਹਾਉਣ ਦੀ ਬਜਾਏ ਮੀਟਰ ਚਲਾਉਣ ਦੀ ਚਿੰਤਾ ਵਧੀ ਹੋਈ ਹੈ। ਹਾਲਾਤ ਇਹ ਹਨ ਕਿ ਜ਼ਿਲ੍ਹੇ ’ਚ ਕਈ ਸਕੂਲਾਂ ’ਚ ਲੱਗੇ ਪ੍ਰੀਪੇਡ ਮੀਟਰਾਂ ’ਚ ਰਿਚਾਰਜ ਖਤਮ ਹੋਣ ’ਤੇ ਬਿਜਲੀ ਗੁੱਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿੱਤ ਦਿਨ ਸਕੂਲਾਂ ’ਚ ਬਿਜਲੀ ਬੰਦ ਹੋਣ ਕਾਰਨ ਜਿੱਥੇ ਸਕੂਲ ਮੁਖੀ ਤੇ ਅਧਿਆਪਕ ਪਰੇਸ਼ਾਨ ਹਨ ਉਥੇ ਹੀ ਇਥੇ ਪੜ੍ਹਦੇ ਮਲੂਕੜੇ ਅੱਤ ਦੀ ਗਰਮੀ ’ਚ ਬਿਨਾ ਪੱਖੇ ਤੋਂ ਬੈਠ ਕੇ ਪੜ੍ਹਨ ਲਈ ਮਜਬੂਰ ਹਨ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰੀਪੇਡ ਸਮਾਰਟ ਮੀਟਰ ਸਕੀਮ ’ਚ ਪਹਿਲਾ ਰਿਚਾਰਜ ਕਰਵਾ ਕੇ ਬਿਜਲੀ ਸੇਵਾਵਾਂ ਜਾਰੀ ਰਹਿੰਦੀਆਂ ਹਨ ਜਦੋਂ ਕਿ ਅਧਿਆਪਕਾਂ ਦਾ ਕਹਿਣਾ ਹੈ ਕਿ ਫੰਡਾਂ ਦੀ ਘਾਟ ਕਾਰਨ ਐਡਵਾਂਸ ਪੈਸੇ ਜਮ੍ਹਾਂ ਕਰਾਉਣਾ ਔਖਾ ਹੈ। -ਦੋ ਸਿੱਖਿਆ ਬਲਾਕਾਂ ਦੇ ਦਫ਼ਤਰਾਂ ’ਚੋਂ ਉੱਡਿਆ ਕਰੰਟ ਮੰਗਲਵਾਰ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਦੋ ਸਿੱਖਿਆ ਬਲਾਕਾ ਸਮੇਤ ਕਈ ਸਕੂਲਾਂ ਦੀ ਬਿਜਲੀ ਪ੍ਰੀਪੇਡ ਰਿਚਾਰਜ ਖਤਮ ਹੋਣ ਕਾਰਨ ਬੰਦ ਹੋ ਗਈ। ਜਾਣਕਾਰੀ ਅਨੁਸਾਰ ਬਲਾਕ ਸਮਾਣਾ-2 ਤੇ ਬਲਾਕ ਸਮਾਣਾ-3 ਦੇ ਬੀਪੀਈਓ ਦੇ ਦਫ਼ਤਰਾਂ ਦੀ ਬਿਜਲੀ ਪਿਛਲੇ ਦੋ ਦਿਨਾਂ ਤੋਂ ਬੰਦ ਹੋਣ ਕਾਰਨ ਦਫ਼ਤਰੀ ਅਮਲਾ ਪਰੇਸ਼ਾਨ ਹੈ ਜਦੋਂ ਕਿ ਇਨ੍ਹਾਂ ਬਲਾਕਾ ਦੇ ਸਕੂਲਾਂ ਸਰਕਾਰੀ ਐਲੀਮੈਂਟਰੀ ਸਕੂਲ ਆਨੰਦ ਕਾਲੋਨੀ ਸਮਾਣਾ, ਸਰਕਾਰੀ ਐਲੀਮੈਂਟਰੀ ਸਕੂਲ ਮਲਕਾਨਾ ਪੱਤੀ ਸਮਾਣਾ ਤੇ ਸਰਕਾਰੀ ਮਿਡਲ ਸਕੂਲ ਅਸਰਪੁਰ ਆਦਿ ਦੀ ਬਿਜਲੀ ਵੀ ਰਿਚਾਰਜ ਖਤਮ ਹੋਣ ’ਤੇ ਬੰਦ ਹੋ ਗਈ। ਪਹਿਲਾਂ ਤਾਂ ਸਕੂਲ ਸਟਾਫ ਨੇ ਇਸ ਨੂੰ ਆਮ ਤਕਨੀਕੀ ਖ਼ਰਾਬੀ ਸਮਝਿਆ ਪਰ ਜਦੋਂ ਮੰਗਲਵਾਰ ਨੂੰ ਵੀ ਬਿਜਲੀ ਨਹੀਂ ਆਈ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਜਾਰੀ ਰਹੀ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਪ੍ਰੀਪੇਡ ਸਮਾਰਟ ਮੀਟਰ ਦਾ ਰੀਚਾਰਜ ਖਤਮ ਹੋਣ ਕਾਰਨ ਬਿਜਲੀ ਸਪਲਾਈ ਬੰਦ ਹੋ ਗਈ ਹੈ। ਅਧਿਆਪਕਾਂ ਅਨੁਸਾਰ ਇਸ ਦੌਰਾਨ 500 ਤੋਂ ਵੱਧ ਬੱਚੇ ਅੱਤ ਦੀ ਉਮਸ ਭਰੀ ਗਰਮੀ ’ਚ ਬਿਨਾਂ ਪੱਖਿਆਂ ਦੇ ਬੈਕ ਕੇ ਪੜ੍ਹਾਈ ਕਰਨ ਲਈ ਮਜਬੂਰ ਹਨ। -ਪਹਿਲਾਂ ਵੀ ਹੋ ਚੁੱਕੀ ਹੈ ਕਈ ਸਕੂਲਾਂ ’ਚੋਂ ਬਿਜਲੀ ਬੰਦ ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀ ਭੁੱਨਰਹੇੜੀ ਬਲਾਕ ਦੇ ਸਕੂਲਾਂ ’ਚ ਬੱਤੀ ਗੁੱਲ ਹੋ ਗਈ ਸੀ। ਅਧਿਆਪਕ ਸਾਰਾ ਦਿਨ ਬਿਜਲੀ ਵਿਭਾਗ ਦੇ ਦਫਤਰਾਂ ’ਚ ਗੇੜੇ ਲਗਾਉਂਦੇ ਰਹੇ। ਸਰਕਾਰੀ ਪ੍ਰਾਇਮਰੀ ਸਕੂਲ ਦੁਲਵਾਂ, ਸਰਕਾਰੀ ਪ੍ਰਾਇਮਰੀ ਸਕੂਲ ਪ੍ਰਤਾਪਗੜ੍ਹ, ਸਰਕਾਰੀ ਸਕੂਲ ਮੰਜਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਸਮੇਤ ਜ਼ਿਲ੍ਹੇ ਦੇ ਛੇ ਸਕੂਲਾਂ ਵਿਚ ਵੀ ਪ੍ਰੀਪੇਡ ਮੀਟਰ ਦਾ ਰੀਚਾਰਜ ਨਾ ਹੋਣ ਕਾਰਨ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਮੇਂ ਸਿਰ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ। -ਯੂਨੀਅਨ ਵੱਲੋਂ ਬਿਜਲੀ ਮੁਫ਼ਤ ਕਰਨ ਦੀ ਮੰਗ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਨੇ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਦੀ ਸਰਕਾਰ ਸਰਕਾਰੀ ਸਕੂਲਾਂ ਵਿਚ ਨਿਰਵਿਘਨ ਬਿਜਲੀ ਉਪਲੱਬਧ ਕਰਵਾਉਣ ’ਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਰਕਾਰੀ ਸਕੂਲਾਂ ’ਚ ਪ੍ਰੀਪੇਡ ਸਮਾਰਟ ਮੀਟਰ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਸਮੇਂ ਸਿਰ ਰੀਚਾਰਜ ਕਰਵਾਉਣ ਲਈ ਰਾਸਸ਼ੀ ਯਕੀਨੀ ਬਣਾਈ ਜਾਵੇ ਜਾਂ ਫਿਰ ਸਰਕਾਰੀ ਸਕੂਲਾਂ ਲਈ ਬਿਜਲੀ ਮੁਫ਼ਤ ਕੀਤੀ ਜਾਵੇ, ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਤੋਂ ਪ੍ਰੀਪੇਡ ਸਮਾਰਟ ਮੀਟਰ ਹਟਾ ਕੇ ਨਿਯਮਿਤ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। -ਐਡਵਾਂਸ ਪੈਸੇ ਮੰਗੇ- ਬੀਪੀਈਓ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਪ੍ਰੀਤ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਸਮੇਤ ਉਨ੍ਹਾਂ ਦੇ ਬਲਾਕ ਦੇ ਦੋ ਹੋਰ ਸਕੂਲਾਂ ਦੇ ਪ੍ਰੀਪੇਡ ਬਿਜਲੀ ਕੁਨੈਕਸ਼ਨਾਂ ਦਾ ਰੀਚਾਰਜ ਖਤਮ ਹੋਣ ਕਾਰਨ ਬਿਜਲੀ ਸਪਲਾਈ ਬੰਦ ਹੋਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਬਿਜਲੀ ਵਿਭਾਗ ਵੱਲੋਂ ਔਸਤ ਖਪਤ ਦੇ ਆਧਾਰ ਤੇ ਅਗਾਊਂ ਬਿੱਲ ਤਿਆਰ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਤੇ ਬਿੱਲ ਪਾਸ ਹੋ ਜਾਵੇਗਾ ਤਾਂ ਮੀਟਰ ਰੀਚਾਰਜ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। -ਸਮੇਂ ਸਿਰ ਰੀਚਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ : ਐਕਸੀਅਨ ਉੱਧਰ ਬਿਜਲੀ ਵਿਭਾਗ ਦੇ ਐਕਸੀਅਨ ਕਵਰਦੀਪ ਸਿੰਘ ਨੇ ਕਿਹਾ ਕਿ ਮੀਟਰ ਰੀਚਾਰਜ ਹੁੰਦੇ ਹੀ ਸਕੂਲਾਂ ਤੇ ਬੀਪੀਈਓ ਦਫ਼ਤਰ ਦੀ ਬਿਜਲੀ ਤੁਰੰਤ ਚਾਲੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਸਮੇਂ ਸਬੰਧਤ ਅਧਿਕਾਰੀਆਂ ਨੂੰ ਸਮੇਂ ਸਿਰ ਰੀਚਾਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਤਾਂ ਜੋ ਇਸ ਤਰ੍ਹਾਂ ਦੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਹੁਣ ਵੀ ਸਬੰਧਤ ਡਵੀਜਨ ਅਫਸਰ ਵੱਲੋਂ ਸਕੂਲ ਮੁਖੀਆਂ ਨੂੰ ਮੈਸਜ ਕਰ ਦਿੱਤੇ ਗਏ ਸਨ।