- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਲਰਜ਼ ਦੇ ਖਿਡਾਰੀਆਂ ਨੇ ਜਿੱਤੇ ਸੋਨੇ ਦੇ ਤਗਮੇ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਤਾਈਕਵਾਂਡੋ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਟਿਆਲਾ ਵਿਖੇ ਕਰਵਾਈ 70ਵੀਂ ਤਾਈਕਵਾਂਡੋ ਸਕੂਲ ਗੇਮਜ਼ ਰਾਜ ਪੱਧਰੀ ਚੈਂਪੀਅਨਸ਼ਿਪ-2026 ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਭਾਗ ਲਿਆ। ਇਸ ਮੁਕਾਬਲੇ ਦੌਰਾਨ ਅੰਡਰ-14 ਲੜਕਿਆਂ ਦੇ ਵਰਗ ਵਿਚ ਸਕੂਲ ਦੇ ਵਿਦਿਆਰਥੀ ਲਵਪ੍ਰੀਤ ਅਤੇ ਲਵਿਸ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਕ-ਇਕ ਸੋਨੇ ਦਾ ਤਗਮਾ ਜਿੱਤਿਆ, ਜਦਕਿ ਅੰਡਰ-14 ਲੜਕੀਆਂ ਦੇ ਵਰਗ ਵਿਚ ਅਲਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਇਸ ਮਾਣਮੱਤੀ ਪ੍ਰਾਪਤੀ ਦੇ ਨਾਲ ਹੀ ਤਿੰਨਾਂ ਖਿਡਾਰੀਆਂ ਦੀ ਚੋਣ ਆਗਾਮੀ ਸਕੂਲ ਗੇਮਜ਼ ਕੌਮੀ ਪੱਧਰੀ ਚੈਂਪੀਅਨਸ਼ਿਪ-2026 ਲਈ ਵੀ ਹੋ ਗਈ ਹੈ। ਲੜਕਿਆਂ ਦੇ ਕੌਮੀ ਪੱਧਰ ਦੇ ਮੁਕਾਬਲੇ ਨਾਗਾਲੈਂਡ ਵਿਖੇ ਅਤੇ ਲੜਕੀਆਂ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਵਿਖੇ ਕਰਵਾਏ ਜਾਣਗੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਕੂਲ ਮੈਨੇਜਮੈਂਟ, ਅਧਿਆਪਕਾਂ ਤੇ ਮਾਪਿਆਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਤਾਈਕਵਾਂਡੋ ਕੋਚ ਰਾਕੇਸ਼ ਕੁਮਾਰ ਤੇ ਖਿਡਾਰੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਤਿੰਨੇ ਖਿਡਾਰੀ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਪੰਜਾਬ ਦਾ ਮਾਣ ਵਧਾਉਣਗੇ। ਸੋਨੇ ਦੇ ਤਗਮੇ ਜਿੱਤਣ ਅਤੇ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਲਈ ਚੁਣੇ ਜਾਣ ਨਾਲ ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਲਈ ਇਹ ਪ੍ਰਾਪਤੀ ਮਾਣ ਅਤੇ ਖੁਸ਼ੀ ਦਾ ਵਿਸ਼ਾ ਬਣੀ ਹੋਈ ਹੈ।