ਲੈਕਚਰਾਰ ਭਰਤੀ ’ਚ ਰਿਜ਼ਰਵੇਸ਼ਨ ਕੋਟਾ ਨਾ ਦੇਣ ’ਤੇ ਕੀਤਾ ਰੋਸ ਪ੍ਰਦਰਸ਼ਨ ਲੈਕਚਰਾਰ ਭਰਤੀ ’ਚ ਰਿਜਰਵੇਸ਼ਨ ਕੋਟਾ ਨਾ ਦੇਣ ’ਤੇ ਕੀਤਾ ਰੋਸ ਪ੍ਰਦਰਸ਼ਨ
Publish Date: Wed, 02 Sep 2026 04:44 PM (IST)
Updated Date: Wed, 02 Sep 2026 04:46 PM (IST)
- ਐੱਸਡੀਐੱਮ ਨੂੰ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਮ ਸੌਂਪਿਆ ਮੰਗ ਪੱਤਰ ਫੋਟੋ 02ਪੀਟੀਐੱਲ- 12 ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ 1013 ਲੈਕਚਰਾਰ ਸਿੱਧੀ ਭਰਤੀ ਵਿਚ ਐੱਸਸੀ (25 ਫੀਸਦ)ਅਤੇ ਬੀਸੀ (12 ਫੀਸਦ) ਵਰਗ ਬਣਦਾ ਰਾਖਵਾਂ ਕੋਟਾ ਨਾ ਦੇਣ ਦੇ ਰੋਸ ਵਜੋਂ ਡੀਸੀ ਦਫ਼ਤਰ ਅੱਗੇ ਭਲਾਈ ਮੰਤਰੀ, ਸਿੱਖਿਆ ਮੰਤਰੀ,ਭਲਾਈ ਸਕੱਤਰ ਅਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਾਖਵਾਂਕਰਨ ਵਿਰੋਧੀ ਮਾਨਸਿਕਤਾ ਤਹਿਤ 1013 ਲੈਕਚਰਾਰ ਸਿੱਧੀ ਭਰਤੀ ਵਿਚ ਬਣਦਾ ਰਾਖਵਾਂ ਕੋਟਾ ਨਹੀਂ ਦਿੱਤਾ ਗਿਆ। ਇਸ ਮਸਲੇ ਦੇ ਹੱਲ ਲਈ ਸਟੇਟ ਕਮੇਟੀ ਵੱਲੋਂ ਪ੍ਰਿੰਸੀਪਲ ਸਕੱਤਰ ਭਲਾਈ ਵੀ.ਕੇ. ਮੀਣਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ’ਚ ਆਗੂਆਂ ਵੱਲੋਂ ਤੱਥਾਂ ਸਹਿਤ ਸਬੂਤ ਦੇ ਕੇ ਪੱਖ ਰੱਖਿਆ ਕਿ ਵੱਖ-ਵੱਖ ਵਿਸ਼ਿਆਂ ਵਿਚ ਆਪਣੀ ਮੈਰਿਟ ਦੇ ਅਧਾਰ ’ਤੇ ਭਰਤੀ ਹੋਏ ਐੱਸਸੀ, ਬੀਸੀ ਉਮੀਦਵਾਰਾਂ ਨੂੰ ਹੀ ਰੋਸਟਰ ਨੁਕਤਿਆਂ ’ਤੇ ਲਗਾਇਆ ਗਿਆ ਹੈ, ਜੋ ਰਾਖਵਾਂਕਰਨ ਨੀਤੀ,ਆਰ.ਕੇ ਸੱਭਰਵਾਲ ਕੇਸ,ਭਲਾਈ ਵਿਭਾਗ ਦੀਆਂ 10/7/1995 ਦੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਭਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਰਾਖਵਾਂਕਰਨ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ, ਰੋਸਟਰ ਰਜਿਸਟਰ ਸਹੀ ਬਣਾਉਣ ਤੇ ਨਿਯਮਾਂ ਅਨੁਸਾਰ ਜਾਂਚ ਕਰਕੇ ਨਿਰੀਖਣ ਰਿਪੋਰਟ ਤਿਆਰ ਕਰਨ ਲਈ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਜਿਸ ਦੇ ਰੋਸ ਵਜੋਂ ਅੱਜ ਜਿਲਾ ਪੱਧਰ ਤੇ ਸਮੁੱਚੇ ਪੰਜਾਬ ’ਚ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ, ਸਿੱਖਿਆ ਮੰਤਰੀ ਹਰਜੋਤ ਬੈਂਸ, ਭਲਾਈ ਸਕੱਤਰ ਵੀ ਕੇ ਮੀਣਾ ਤੇ ਸਿੱਖਿਆ ਸਕੱਤਰ ਸੋਨਾਲੀ ਗਿਰੀ ਦੇ ਪੁਤਲੇ ਫੂਕੇ ਗਏ ਹਨ। ਉਨ੍ਹਾਂ ਕਿਹਾ ਕਿ 1013 ਲੈਕਚਰਾਰ ਭਰਤੀ ਵਿੱਚ ਬਣਦਾ ਰਾਖਵਾਂ ਕੋਟਾ ਦੇਣ ਬਾਰੇ ਤੁਰੰਤ ਸੋਧ ਪੱਤਰ ਜਾਰੀ ਕੀਤਾ ਜਾਵੇ। ਇਸ ਦੌਰਾਨ ਪ੍ਰਦਰਸ਼ਨ ਕਾਰੀਆਂ ਨੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਐਸ.ਡੀ.ਐਮ. ਗੁਰਦੇਵ ਸਿੰਘ ਧੰਮ ਨੂੰ ਸੌਂਪਿਆ ਗਿਆ। ਇਸ ਮੌਕੇ ਜਗਤਾਰ ਸਿੰਘ ਜੱਗੀ ਨਾਭਾ ਜਨਰਲ ਸਕੱਤਰ ਐੱਸਸੀ/ ਬੀਸੀ ਅਧਿਆਪਕ ਯੂਨੀਅਨ ਪਟਿਆਲਾ, ਸੁਖਪਾਲ ਸਿੰਘ ਸਟੇਟ ਕਮੇਟੀ ਮੈਂਬਰ, ਦਰਸ਼ਨ ਸਿੰਘ ਮੈਣ ਸੂਬਾ ਪ੍ਰਧਾਨ ਪੰਜਾਬ ਵਾਲਮੀਕਿ ਤੀਰਥ ਸ਼੍ਰੀ ਅੰਮ੍ਰਿਤਸਰ ਸਾਹਿਬ, ਅਜਾਇਬ ਸਿੰਘ ਬਠੋਈ,ਲਖਵਿੰਦਰ ਸਿੰਘ,ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਸੰਦੀਪ ਕੁਮਾਰ, ਬਲਕਾਰ ਸਿੰਘ, ਲਖਵਿੰਦਰ ਸਿੰਘ , ਅਮਰੀਕਾ ਰਾਮ , ਹਰਵਿੰਦਰ ਸਿੰਘ ਸੀਐੱਚਟੀ, ਸਤਪਾਲ ਸਿੰਘ ਨੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ।