27 ਜਨਵਰੀ ਨੂੰ ਮੰਤਰੀ ਦੇ ਫੂਕੇ ਜਾਣਗੇ ਪੁਤਲੇ :ਨਬੀਪੁਰ
27 ਜਨਵਰੀ ਨੂੰ ਮੰਤਰੀ ਦੇ ਫੂਕੇ ਜਾਣਗੇ ਪੁਤਲੇ:ਨਬੀਪੁਰ, ਗੁਰੂ
Publish Date: Sun, 25 Jan 2026 04:53 PM (IST)
Updated Date: Sun, 25 Jan 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਐੱਸਸੀ /ਬੀਸੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੀ ਜ਼ਰੂਰੀ ਤੇ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਛਮਣ ਸਿੰਘ ਨਬੀਪੁਰ ਪ੍ਰਧਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ’ਚ ਸਿੱਖਿਆ ਵਿਭਾਗ ਤੇ ਹੋਰ ਵਿਭਾਗਾਂ ਚ ਰਿਜ਼ਰਵੇਸ਼ਨ ਨੀਤੀ ਅਤੇ ਵੈਲਫੇਅਰ ਵਿਭਾਗ ਦੇ ਪੱਤਰਾਂ, ਕੋਰਟ ਦੇ ਆਏ ਫੈਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਦੇਖਣ ਵਿਚ ਆਇਆ ਹੈ ਕਿ ਮਾੜੀ ਮਾਨਸਿਕਤਾ ਤਹਿਤ ਐੱਸਸੀ /ਬੀਸੀ ਅਧਿਆਪਕਾਂ/ਮੁਲਾਜ਼ਮਾਂ ਦੇ ਹੱਕ ਵਿਚ ਆਏ ਫੈਸਲਿਆ, ਪੱਤਰਾਂ ਆਦਿ ਨੂੰ ਸਿੱਖਿਆ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਿਚ ਸਹੀ ਰੂਪ ਵਿਚ ਲਾਗੂ ਨਹੀਂ ਕੀਤਾ ਜਾਂਦਾ। ਇਹ ਸਭ ਕੁਝ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਜਿਸ ’ਚ ਰਾਖਵਾਂਕਰਣ ਸੈੱਲ ਵਿਖੇ ਤਾਇਨਾਤ ਅਧਿਕਾਰੀ, ਜਿਨ੍ਹਾਂ ਨੇ ਇਨ੍ਹਾਂ ਪੱਤਰਾਂ ਨੂੰ ਸਹੀ ਰੂਪ ਵਿਚ ਲਾਗੂ ਕਰਵਾਉਣਾ ਹੁੰਦਾ ਹੈ,ਓਹ ਹੀ ਪੱਤਰਾਂ ਤੇ ਫੈਸਲਿਆਂ ਦੇ ਗਲਤ ਅਰਥ ਕੱਢ ਕੇ, ਬਿਨਾਂ ਸੀਨੀਆਰਤਾ ਸੂਚੀ, ਤਰੱਕੀ ਸੂਚੀਆਂ ਦੇਖਿਆਂ ਹੀ ਵਿਭਾਗਾਂ ਵੱਲੋਂ ਗਲਤ ਤਿਆਰ ਕੀਤੇ ਰੋਸਟਰ ਰਜਿਸਟਰਾਂ ਨੂੰ ਹੀ ਪ੍ਰਵਾਨ ਕਰ ਦਿੰਦੇ ਹਨ। ਤਰੱਕੀਆਂ ਕਰਨ ਸਮੇਂ ਬਣਦੀ ਰਿਜ਼ਰਵੇਸ਼ਨ ਐੱਸਸੀ ਤੇ ਅੰਗਹੀਣ ਕਰਮਚਾਰੀਆਂ ਨੂੰ ਨਹੀਂ ਦਿੱਤੀ ਜਾਂਦੀ। ਵਾਰ ਵਾਰ ਯਾਦ/ਮੰਗ ਪੱਤਰ ਦੇਣ ਤੇ ਵੀ ਜਾਅਲੀ ਜਾਤੀ ਸਰਟੀਫਿਕੇਟ ਬਣਾਉਣ ਵਾਲਿਆਂ ਤੇ ਜਾਅਲੀ ਅੰਗਹੀਣ ਸਰਟੀਫਿਕੇਟਾਂ ਦੀ ਸਹੀ ਜਾਂਚ ਨਾ ਕਰਵਾਉਂਣ ਤੇ ਵਿਦਿਆਰਥੀਆਂ ਦੇ ਵਜ਼ੀਫੇ ਦੀ ਦਰ ’ਚ ਕੋਈ ਵਾਧਾ ਨਾ ਕਰਨ, ਆਬਾਦੀ ਅਨੁਸਾਰ ਰਾਖਵਾਂਕਰਣ ਦੇਣ ਤੇ ਸਰਕਾਰ ਵੱਲੋਂ ਚਾਰ ਸਾਲ ਬੀਤਣ ਤੇ ਵੀ ਕੋਈ ਵੀ ਕਦਮ ਨਹੀਂ ਪੁੱਟਿਆ ਗਿਆ। ਜਿਸ ਲਈ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਅਧਿਕਾਰੀ , ਸਕੱਤਰ ਤੇ ਮੰਤਰੀ ਦੋਸ਼ੀ ਹਨ। ਇਸ ਸਬੰਧੀ ਵਾਰ ਵਾਰ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਦੇ ਡਾਇਰੈਕਟਰ, ਸਕੱਤਰ ਤੇ ਮੰਤਰੀ ਨੂੰ ਈ ਮੇਲ ਰਾਹੀਂ ਸਿਕਾਇਤਾਂ ਭੇਜ ਕੇ ਜਾਣੂੰ ਕਰਵਾਇਆ ਗਿਆ ਹੈ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਮੀਟਿੰਗ ਲਈ ਜਥੇਬੰਦੀ ਵਲੋਂ ਸਮਾਂ ਮੰਗਿਆ ਗਿਆ। ਪਰ ਅਜੇ ਤੱਕ ਵੀ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਇਸ ਸਭ ਕੁਝ ਨੂੰ ਵਿਚਾਰਦੇ ਹੋਏ ਜਥੇਬੰਦੀ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 27 ਜਨਵਰੀ 2026 ਨੂੰ ਸਕੱਤਰ ਤੇ ਮੰਤਰੀ ਵਿਰੁੱਧ ਜਿਲਾ ਪੱਧਰ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਡੀਸੀ ਦਫ਼ਤਰ ਪਟਿਆਲਾ ਅੱਗੇ ਰੋਸ ਪ੍ਰਦਰਸ਼ਨ ਉਪਰੰਤ ਪੁਤਲੇ ਸਾੜਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ’ਚ ਸਕੱਤਰ ਜਨਰਲ ਗੁਰਪ੍ਰੀਤ ਸਿੰਘ ਗੁਰੂ , ਜਨਰਲ ਸਕੱਤਰ ਜਗਤਾਰ ਸਿੰਘ ਜੱਗੀ,ਸਕੱਤਰ ਸੁਖਪਾਲ ਸਿੰਘ ਬਕਰਾਹਾ, ਨਾਰੰਗ ਸਿੰਘ, ਪਰੇਮ ਸਿੰਘ ਮੌਲਵੀਵਾਲਾ, ਸਮਸ਼ੇਰ ਸਿੰਘ ਨਿਆਲ, ਪੂਰਨ ਸਿੰਘ ਮੈਣ, ਅਮਰਜੀਤ ਸਿੰਘ, ਬਿਕਰਮਜੀਤ ਸਿੰਘ,ਬਲਵਿੰਦਰ ਸਿੰਘ ਘੱਗਾ, ਅਮਰੀਕ ਸਿੰਘ ਸਮਾਣਾ, ਗੁਰਨੈਬ ਸਿੰਘ, ਬਿਕਰਮਜੀਤ ਰਾਜਪੁਰਾ, ਲਾਲ ਸਿੰਘ ਪਟਿਆਲਾ, ਅਵਤਾਰ ਸਿੰਘ ਸੌਜਾ ਆਦਿ ਹਾਜ਼ਰ ਸਨ।