ਹੁਣ ਪਰਾਲੀ ਸਾੜਨ ਤੋਂ ਰੋਕਣਗੇ ਮਾਸਟਰ ਜੀ ਹੁਣ ਪਰਾਲੀ ਸਾੜਨ ਤੋਂ ਰੋਕਣਗੇ ਮਾਸਟਰ ਜੀ
Publish Date: Fri, 18 Sep 2026 06:48 PM (IST)
Updated Date: Sat, 19 Sep 2026 04:03 AM (IST)
ਨੋਟ- ਅਹਿਮ -ਐੱਸਡੀਐੱਮ ਦਫ਼ਤਰਾਂ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਲਗਾਈਆਂ ਪਰਾਲੀ ਸਾੜਨ ਤੋਂ ਰੋਕਣ ਦੀਆਂ ਡਿਊਟੀਆਂ - ਵੱਡੀ ਗਿਣਤੀ ’ਚ ਲੱਗੀਆਂ ਡਿਊਟੀਆਂ ਕਾਰਨ ਅਧਿਆਪਕ ਹੋਰ ਔਖੇ ਫੋਟੋ 18ਪੀਟੀਐੱਲ - 29 ਪਰਗਟ ਸਿੰਘ•, ਪੰਜਾਬੀ ਜਾਗਰਣ, ਪਟਿਆਲਾ : ਐੱਸਆਈਆਰ, ਬੀਐੱਲਓ, ਡਰੱਗ ਸੈਂਸਜ ਡਿਊਟੀ, ਰਾਸ਼ਨ ਕਾਰਡ ਤਸਦੀਕ ਕਰਨ ’ਤੇ ਹੋਰ ਗ਼ੈਰ ਵਿੱਦਿਅਕ ਕੰਮਾਂ ਤੋਂ ਇਲਾਵਾ ਹੁਣ ਅਧਿਆਪਕ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣਗੇ। ਜਾਣਕਾਰੀ ਅਨੁਸਾਰ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਵੱਖ-ਵੱਖ ਪਿੰਡਾਂ ’ਚ ਲਗਾਈਆਂ ਗਈਆਂ ਹਨ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣਗੇ। ਇਸ ਸਬੰਧੀ ਐੱਸਡੀਐੱਮ ਦਫ਼ਤਰਾਂ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਮ ਦੀਆਂ ਲਿਸਟਾਂ ਅਤੇ ਪੱਤਰ ਜਾਰੀ ਕਰਦਿਆਂ ਹਦਾਇਤਾਂ ਕੀਤੀਆਂ ਹਨ ਕਿ ਆਗਾਮੀ ਝੋਨੇ ਦੇ ਸੀਜਨ ਦੌਰਾਨ ਸਾੜੀ ਜਾਣ ਵਾਲੀ ਪਰਾਲੀ ਦੇ ਸਬੰਧ ’ਚ ਉਕਤ ਕਰਮਚਾਰੀਆਂ ਜਾਂ ਅਧਿਕਾਰੀਆਂ ਦੀ ਬਤੌਰ ਕਲੱਸਟਰ ਅਤੇ ਨੋਡਲ ਅਫਸਰ ਵਜੋਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤੇ ਸਟਬਲ ਬਰਨਿੰਗ ਸੁਰੂ ਹੋਣ ’ਤੇ ਇਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਆਪਣੇ ਦਫਤਰਾਂ ’ਚੋਂ ਫਾਰਗ ਕੀਤਾ ਜਾਵੇ। ਉਕਤ ਜਾਰੀ ਲਿਸਟ ’ਚ ਵੱਡੀ ਗਿਣਤੀ ’ਚ ਸਰਕਾਰੀ ਸਕੂਲਾਂ ਦੇ ਕਲਰਕਾਂ ਦੇ ਨਾਲ ਨਾਲ ਅਧਿਆਪਕ ਪਰਾਲੀ ਸਾੜਨ ਤੋਂ ਰੋਕਣ ਲਈ ਡਿਊਟੀ ਕਰਨਗੇ। ਡੱਬੀ- ਡਾਕਟਰ, ਮਾਸਟਰ, ਚੀਫ ਇੰਜੀਨੀਅਰਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਛੋਟੇ-ਵੱਡੇ ਕਰਮਚਾਰੀ ਕਰਨਗੇ ਫੀਲਡ ਡਿਊਟੀ ਜਾਣਕਾਰੀ ਅਨੁਸਾਰ ਝੋਨੇ ਦੇ ਸੀਜਨ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਲਈ ਐੱਸਡੀਐੱਮ ਦਫ਼ਤਰਾਂ ਵੱਲੋਂ ਜਾਰੀ ਲਿਸਟਾਂ ਅਨੁਸਾਰ ਡਾਕਟਰ, ਮਾਸਟਰ, ਚੀਫ ਇੰਜੀਨੀਅਰਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਕਲਰਕਾਂ ਸਮੇਤ ਹੋਰ ਛੋਟੇ ਵੱਡੇ ਕਰਮਚਾਰੀਆਂ ਦੀ ਡਿਊਟੀ ਸਟਬਲ ਬਰਨਿੰਗ ਰੋਕਣ ’ਤੇ ਲਗਾਈ ਗਈ ਹੈ। ਜਾਣਕਾਰੀ ਅਨੁਸਾਰ ਐੱਸਡੀਐੱਮ ਦਫਤਰ ਪਟਿਆਲਾ ਵੱਲੋਂ ਵੱਖ ਵੱਖ ਵਿਭਾਗ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਦਿਆਂ ਲਗਪਗ 271 ਦੇ ਕਰੀਬ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਐੱਸਡੀਐੱਮ ਦਫਤਰ ਦੁਧਣਸਾਧਾ ਵੱਲੋਂ ਲਗਪਗ 40 ਵਿਭਾਗਾ ਤੇ ਸੰਸਥਾਵਾਂ ਨੂੰ ਪੱਤਰ ਜਾਰੀ ਕਰਕੇ 93 ਦੇ ਕਰੀਬ ਕਰਮਚਾਰੀਆਂ ਦੀ ਡਿਊਟੀ ਪਰਾਲੀ ਸਾੜਨ ਤੋਂ ਰੋਕਣ ’ਤੇ ਲਗਾਈ ਗਈ ਹੈ। ਡੱਬੀ- ਅਧਿਆਪਕਾਂ ਤੋਂ ਕਲਰਕਾਂ ਵਾਲਾ ਕੰਮ ਲੈਣ ਬੰਦ ਕੀਤਾ ਜਾਵੇ : ਜੀਟੀਯੂ ਇਸ ਸਬੰਧੀ ਗੱਲਬਾਤ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਵਾਅਦਾ ਖਿਲਾਫੀ ਕਰਦਿਆਂ ਪਹਿਲਾਂ ਹੀ ਐੱਸਆਈਆਰ, ਬੀਐੱਲਓ, ਡਰੱਗ ਸੈਂਸਜ ਡਿਊਟੀ, ਰਾਸ਼ਨ ਕਾਰਡ ਤਸਦੀਕ ਕਰਨ ਤੇ ਹੋਰ ਗ਼ੈਰ ਵਿਦਿਅਕ ਕੰਮਾਂ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਕੇ ਸਕੂਲ ਖਾਲੀ ਕੀਤੇ ਜਾ ਚੁੱਕੇ ਹਨ ਅਤੇ ਸਕੂਲਾਂ ’ਚ ਰਹਿੰਦਾ ਸਟਾਫ ਹੁਣ ਸਟਬਲ ਬਰਨਿੰਗ ਸਬੰਧੀ ਡਿਊਟੀਆਂ ’ਚ ਲੈਣ ਕਰਕੇ ਪੜ੍ਹਾਈ ਦਾ ਕੰਮ ਹੋਰ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਪਰ ਅਧਿਆਪਕ ਵੱਖ ਵੱਖ ਫੀਲਡਾਂ ’ਚ ਕਲਰਕਾਂ ਵਾਲਾ ਕੰਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਧਿਆਪਕਾਂ ਤੋਂ ਕਲਰਕਾਂ ਵਾਲਾ ਕੰਮ ਲੈਣਾ ਬੰਦ ਕਰਕੇ ਬੱਚਿਆਂ ਨੂੰ ਪੜ੍ਹਾਉਣ ਵੱਲ ਹੀ ਧਿਆਨ ਦੇਣ ਦੀ ਛੋਟ ਦੇਣ।