ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Sun, 19 Jul 2026 05:50 PM (IST)
Updated Date: Sun, 19 Jul 2026 05:52 PM (IST)
• ਟਰਾਂਸਫਾਰਮਰ ਓਵਰਲੋਡ ਹੋਣ ਕਾਰਨ ਰੋਜ਼ ਉੱਡ ਰਹੇ ਫਿਊਜ਼,• 11 ਕੇਵੀ ਦੀਆਂ ਜਰਜਰ ਤਾਰਾਂ ਤੁਰੰਤ ਬਦਲਣ ਦੀ ਕੀਤੀ ਮੰਗ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪੰਜਾਬ ਸਰਕਾਰ ਵੱਲੋਂ ਬਿਜਲੀ ਸੇਵਾਵਾਂ ਵਿੱਚ ਸੁਧਾਰ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿੰਡਾਂ ’ਚ ਘੱਟ ਵੋਲਟੇਜ, ਓਵਰਲੋਡ ਟਰਾਂਸਫਾਰਮਰ ਤੇ ਜਰਜਰ ਬਿਜਲੀ ਲਾਈਨਾਂ ਦੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਬਲਾਕ ਸ਼ੇਰਪੁਰ ਦੇ ਪਿੰਡ ਕਾਲਾਬੂਲਾ ਦੀ ਦਲਿਤ ਬਸਤੀ ਨੇੜੇ ਲੱਗੇ ਟਰਾਂਸਫਾਰਮਰ ਤੇ ਵੱਧ ਲੋਡ ਹੋਣ ਕਾਰਨ ਬਿਜਲੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਰਾਤ ਸਮੇਂ ਵਾਰ-ਵਾਰ ਫਿਊਜ਼ ਉੱਡਣ, ਘੱਟ ਵੋਲਟੇਜ ਤੇ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਗੁਰਜੰਟ ਸਿੰਘ, ਕਰਮਜੀਤ ਸਿੰਘ, ਭਾਨ ਸਿੰਘ, ਨਰੈਣ ਸਿੰਘ, ਹਰਜੋਤ ਸਿੰਘ, ਸੁਖਦੀਪ ਸਿੰਘ, ਸਿੰਦਰ ਸਿੰਘ ਤੇ ਹੰਸਾ ਸਿੰਘ ਨੇ ਦੱਸਿਆ ਕਿ ਇੱਕੋ ਟਰਾਂਸਫਾਰਮਰ ਨਾਲ ਕਰੀਬ 60 ਤੋਂ 70 ਘਰਾਂ ਦੀ ਬਿਜਲੀ ਸਪਲਾਈ ਜੁੜੀ ਹੋਈ ਹੈ। ਗਰਮੀ ਦੇ ਮੌਸਮ ’ਚ ਏਅਰ ਕੰਡੀਸ਼ਨਰ, ਕੂਲਰ ਅਤੇ ਹੋਰ ਬਿਜਲੀ ਉਪਕਰਨਾਂ ਦੀ ਵਰਤੋਂ ਵਧਣ ਨਾਲ ਟਰਾਂਸਫਾਰਮਰ ’ਤੇ ਲੋਡ ਬਹੁਤ ਵੱਧ ਜਾਂਦਾ ਹੈ, ਜਿਸ ਕਾਰਨ ਰਾਤ ਵੇਲੇ ਵਾਰ-ਵਾਰ ਫਿਊਜ਼ ਉੱਡ ਜਾਂਦੇ ਹਨ ਤੇ ਕਈ ਘੰਟਿਆਂ ਤੱਕ ਬਿਜਲੀ ਸਪਲਾਈ ਠੱਪ ਰਹਿੰਦੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਦਿਨ ਭਰ ਦੀ ਮਿਹਨਤ ਤੋਂ ਬਾਅਦ ਲੋਕਾਂ ਨੂੰ ਰਾਤ ਸਮੇਂ ਆਰਾਮ ਦੀ ਲੋੜ ਹੁੰਦੀ ਹੈ ਪਰ ਉਸੇ ਵੇਲੇ ਬਿਜਲੀ ਗੁਲ ਹੋ ਜਾਣ ਨਾਲ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਕੋਲ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਜਾਂ ਨਵਾਂ ਟਰਾਂਸਫਾਰਮਰ ਲਗਾਉਣ ਦੀ ਮੰਗ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਇਸ ਤੋਂ ਇਲਾਵਾ ਪਿੰਡ ਵਿੱਚੋਂ ਲੰਘ ਰਹੀ 11 ਕੇਵੀ ਬਿਜਲੀ ਲਾਈਨ ਦੀਆਂ ਤਾਰਾਂ ਵੀ ਕਾਫ਼ੀ ਪੁਰਾਣੀਆਂ ਅਤੇ ਜਰਜਰ ਹੋ ਚੁੱਕੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਤਾਰਾਂ ਕਿਸੇ ਵੀ ਸਮੇਂ ਟੁੱਟ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਲਿਤ ਬਸਤੀ ਨੇੜੇ ਲੱਗੇ ਓਵਰਲੋਡ ਟਰਾਂਸਫਾਰਮਰ ਦਾ ਲੋਡ ਤੁਰੰਤ ਘਟਾਇਆ ਜਾਵੇ, ਕੁਝ ਘਰਾਂ ਦੀ ਸਪਲਾਈ ਦੂਜੇ ਟਰਾਂਸਫਾਰਮਰ ਨਾਲ ਜੋੜੀ ਜਾਵੇ, ਲੋੜ ਅਨੁਸਾਰ ਨਵਾਂ ਜਾਂ ਵੱਧ ਸਮਰੱਥਾ ਵਾਲਾ ਟਰਾਂਸਫਾਰਮਰ ਲਾਇਆ ਜਾਵੇ ਅਤੇ 11 ਕੇਵੀ ਦੀਆਂ ਜਰਜਰ ਬਿਜਲੀ ਤਾਰਾਂ ਨੂੰ ਜਲਦ ਤੋਂ ਜਲਦ ਬਦਲਿਆ ਜਾਵੇ, ਤਾਂ ਜੋ ਲੋਕਾਂ ਨੂੰ ਨਿਰਵਿਘਨ ਅਤੇ ਸੁਰੱਖਿਅਤ ਬਿਜਲੀ ਸਪਲਾਈ ਮਿਲ ਸਕੇ।