
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਮਾਣਾ ਬਲਾਕ ਦੇ ਸਰਪੰਚਾਂ ਨੇ ਹਰਚੰਦ ਸਿੰਘ ਬਰਸਟ ਨਾਲ ਕੀਤੀ ਮੀਟਿੰਗ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਵਿਧਾਨ ਸਭਾ ਹਲਕਾ ਸਮਾਣਾ ਦੇ ਸਮਾਣਾ ਬਲਾਕ ਨਾਲ ਸਬੰਧਤ ਸਰਪੰਚਾਂ ਦੀ ਅਹਿਮ ਮੀਟਿੰਗ ਸਰਪੰਚ ਯੂਨੀਅਨ ਸਮਾਣਾ ਦੇ ਪ੍ਰਧਾਨ ਕਮਲਜੀਤ ਸਿੰਘ ਖਾਨਪੁਰ ਦੀ ਪ੍ਰਧਾਨਗੀ ਹੇਠ ਹਰਚੰਦ ਸਿੰਘ ਬਰਸਟ ਦੇ ਤਹਿਸੀਲ ਰੋਡ ਸਥਿਤ ਦਫ਼ਤਰ ਵਿਖੇ ਹੋਈ। ਮੀਟਿੰਗ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਮਾਣਾ ਬਲਾਕ ਦੇ ਕਰੀਬ 52 ਪਿੰਡਾਂ ਦੇ ਸਰਪੰਚ ਹਾਜ਼ਰ ਰਹੇ। ਮੀਟਿੰਗ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ, ਸਰਕਾਰੀ ਯੋਜਨਾਵਾਂ ਅਤੇ ਸਥਾਨਕ ਪੱਧਰ ’ਤੇ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਰਪੰਚਾਂ ਨੇ ਦੋਸ਼ ਲਾਇਆ ਕਿ ਬੀਡੀਓ ਸਮਾਣਾ ਵੱਲੋਂ ਉਨ੍ਹਾਂ ਦੇ ਇਲਾਕਿਆਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿਚ ਦਖ਼ਲ ਦੇ ਕੇ ਹੱਲ ਕਰਵਾਉਣ ਦੀ ਅਪੀਲ ਕੀਤੀ। ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਇਨ੍ਹਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਸਰਪੰਚਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਬਰਸਟ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਬੀਡੀਓ ਸਮਾਣਾ ਨਾਲ ਗੱਲਬਾਤ ਕਰਕੇ ਮਾਮਲੇ ਦਾ ਹੱਲ ਕਰਵਾਉਣ ਲਈ ਯੋਗ ਕਦਮ ਚੁੱਕਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚਾਂ ਨੇ ਸਰਕਾਰ ਅਤੇ ਬਰਸਟ ਵੱਲੋਂ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ’ਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਕਮਲਜੀਤ ਸਿੰਘ ਸਰਪੰਚ ਖਾਣਪੁਰ ਪ੍ਰਧਾਨ ਸਰਪੰਚ ਯੂਨੀਅਨ ਸਮਾਣਾ, ਵਰਿੰਦਰ ਸਿੰਘ ਧਰਮੇੜੀ, ਮਹਿਲ ਸਿੰਘ ਨੱਸੂਪੁਰ, ਮੁਕੰਦ ਸਿੰਘ ਬਿਸ਼ਨਪੁਰ, ਵੀਰ ਦਵਿੰਦਰ ਸਿੰਘ ਖੇੜੀ ਭੀਮਾਂ, ਬਲਵਿੰਦਰ ਸਿੰਘ ਤਲਵੰਡੀ ਮਲਿਕ, ਰਜਿੰਦਰ ਸਿੰਘ ਤਲਵੰਡੀ ਕੋਠੇ, ਸੰਦੀਪ ਸਿੰਘ, ਕੁਤਬਨਪੁਰ, ਰਾਜਵੀਰ ਸਿੰਘ ਬਲਮਗੜ੍ਹ , ਮਨਪ੍ਰੀਤ ਸਿੰਘ ਬਦਨਪੁਰ, ਯਾਦਵਿੰਦਰ ਸਿੰਘ ਅਜੀਤ ਨਗਰ, ਸੁਖਦੇਵ ਸਿੰਘ ਖੇੜੀ ਫੱਤਾ, ਕ੍ਰਿਸ਼ਨ ਸਿੰਘ ਮੱਵੀ ਸੱਪਾ, ਜਰਨੈਲ ਸਿੰਘ ਕਮਾਲਪੁਰ ਸਮੇਤ ਹੋਰਨਾਂ ਪਿੰਡਾਂ ਦੇ ਸਰਪੰਚ ਅਤੇ ਪੰਚ ਮੌਜੂਦ ਰਹੇ।