ਜੇਲ੍ਹ ’ਚੋਂ ਬਾਹਰ ਆਏ ਸਰਪੰਚ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ
ਜੇਲ ਵਿਚੋਂ ਬਾਹਿਰ ਆਏ ਅਬਰਾਵਾਂ ਦੇ ਸਰਪੰਚ ਦਾ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ
Publish Date: Sat, 28 Mar 2026 05:55 PM (IST)
Updated Date: Sat, 28 Mar 2026 05:56 PM (IST)

- ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਝੂਠਾ ਫ਼ਸਾਇਆ ਗਿਆ, ਕਾਨੂੰਨ ਤੋਂ ਮਿਲੇਗਾ ਇਨਸਾਫ਼ : ਸਰਪੰਚ ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ ਬਨੂੜ : 24 ਦਿਨਾਂ ਮਗਰੋਂ ਜੇਲ੍ਹ ਵਿਚੋਂ ਜ਼ਮਾਨਤ ਉੱਤੇ ਬਾਹਿਰ ਆਏ ਪਿੰਡ ਦੇਵੀਨਗਰ (ਅਬਰਾਵਾਂ) ਦੇ ਸਰਪੰਚ ਗੁਰਚਰਨ ਸਿੰਘ ਦਾ ਬੀਤੀ ਰਾਤ ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਪੂਰੇ ਜੋਸ਼ੋ-ਖ਼ਰੋਸ਼ ਨਾਲ ਸਵਾਗਤ ਕੀਤਾ। ਪਿੰਡ ਦੇ ਦੋ ਦਰਜਨ ਤੋਂ ਵੱਧ ਵਸਨੀਕ ਅਤੇ ਪੰਚਾਇਤ ਮੈਂਬਰ ਉਨ੍ਹਾਂ ਨੂੰ ਨਾਭਾ ਜੇਲ੍ਹ ਤੋਂ ਲੈਣ ਲਈ ਪਹੁੰਚੇ ਹੋਏ ਸਨ। ਦੇਰ ਸ਼ਾਮ ਜਦੋਂ ਸਾਰਾ ਕਾਫ਼ਲਾ ਪਿੰਡ ਪਹੁੰਚਿਆ ਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ ਨੇ ਢੋਲ ਵਜਾ ਕੇ ਸਰਪੰਚ ਦਾ ਸਵਾਗਤ ਕੀਤਾ। ਪਿੰਡ ਵਾਸੀਆਂ ਨੇ ਇਸ ਮੌਕੇ ਪਟਾਖ਼ੇ ਵੀ ਚਲਾਏ। ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਹੁਤ ਭਾਵੁਕ ਤਕਰੀਰ ਵਿਚ ਸਰਪੰਚ ਗੁਰਚਰਨ ਸਿੰਘ ਨੇ ਪਿੰਡ ਵਾਸੀਆਂ ਤੇ ਉਨ੍ਹਾਂ ਦੇ ਨਾਲ ਖੜ੍ਹਨ ਵਾਲੇ ਰਾਜਨੀਤਿਕ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੇ ਪਿੰਡ ਅਤੇ ਇਲਾਕਾ ਵਾਸੀਆਂ ਨੇ ਜਿਵੇਂ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡਟ ਕੇ ਖੜ੍ਹੇ, ਉਸ ਲਈ ਉਹ ਹਮੇਸ਼ਾ ਪਿੰਡ ਵਾਸੀਆਂ ਦੇ ਕਰਜ਼ਦਾਰ ਰਹਿਣਗੇ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਉਨ੍ਹਾਂ ਉੱਤੇ ਦਰਜ ਕੀਤਾ ਗਿਆ ਪਰਚਾ ਬਿਲਕੁੱਲ ਝੂਠਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ ਪਰ ਕਾਨੂੰਨ ਉੱਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਅਤੇ ਇੱਕ ਦਿਨ ਸਚਾਈ ਜ਼ਰੂਰ ਸਾਹਮਣੇ ਆਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਗਿਆ ਪਰਚਾ ਰੱਦ ਕਰਵਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਬਿਕਰਮਜੀਤ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਕੌਰ, ਜਸਵੀਰ ਕੌਰ, ਅਮਰਜੀਤ ਕੌਰ ਸਾਰੇ ਪੰਚਾਂ ਤੋਂ ਇਲਾਵਾ ਸਾਧੂ ਸਿੰਘ, ਮਨਜੀਤ ਸਿੰਘ, ਅਜਮੇਰ ਸਿੰਘ ਸਾਰੇ ਸਾਬਕਾ ਸਰਪੰਚ ਅਤੇ ਨੰਬਰਦਾਰ ਰਾਜਿੰਦਰ ਸਿੰਘ, ਨਰਿੰਦਰ ਸਿੰਘ, ਸਵਰਨ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।