ਸਾਂਝਾ ਸਾਹਿਤਕ ਮੰਚ ਵੱਲੋਂ ਕਵੀ ਤੇ ਵਾਰਤਕਕਾਰ ਸੁਖਪਾਲ ਨਾਲ ਰੂਬਰੂ ਸਮਾਗਮ ਸਾਂਝਾ ਸਾਹਿਤਕ ਮੰਚ ਵੱਲੋਂ ਕਵੀ ਤੇ ਵਾਰਤਕਕਾਰ ਸੁਖਪਾਲ ਨਾਲ ਰੂਬਰੂ ਸਮਾਗਮ
Publish Date: Sun, 29 Nov 2026 04:09 PM (IST)
Updated Date: Sun, 29 Nov 2026 04:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਾਂਝਾ ਸਾਹਿਤਕ ਮੰਚ, ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ ਵਿਖੇ ਉੱਘੇ ਕਵੀ ਤੇ ਵਾਰਤਕਕਾਰ ਸੁਖਪਾਲ ਨਾਲ ਰੂਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਘੇ ਕਵੀ ਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਜ਼ਫ਼ਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਨਵਦੀਪ ਸਿੰਘ ਮੁੰਡੀ ਨੇ ਕੀਤੀ ਤੇ ਬਲਵਿੰਦਰ ਸੰਧੂ ਨੇ ਹਾਜ਼ਰੀਨ ਦੀ ਸੁਖਪਾਲ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਸੁਖਪਾਲ ਸੰਜੀਦਗੀ ਨੂੰ ਬਚਾਉਣ ਵਾਲੇ ਬਹੁਤ ਘੱਟ ਲੋਕਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਦੀ ਹਰ ਗੱਲ ਦਿਲ ਦੀਆਂ ਗਹਿਰਾਈਆਂ ’ਚੋਂ ਨਿਕਲਦੀ ਹੈ। ਇਸ ਉਪਰੰਤ ਸੁਖਪਾਲ ਨੇ ਆਪਣੀਆਂ ਕੁਝ ਨਵੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰਵਾਸ ਮਨੁੱਖ ਨੂੰ ਅਧੂਰਾ ਰੱਖਦਾ ਹੈ ਤੇ ਮਨੁੱਖ ਨੂੰ ਵਿਚਾਰਾਂ ਦੀ ਲੋੜ ਹੈ, ਵਿਚਾਰਧਾਰਾ ਦੀਆਂ ਬੰਦਿਸ਼ਾਂ ਦੀ ਨਹੀਂ। ਉਨ੍ਹਾਂ ਜ਼ੋਰ ਦਿੱਤਾ ਕਿ ਜੀਵਨ, ਸੱਚ ਅਤੇ ਨਿਆਂ ਨੂੰ ਕਿਸੇ ਇੱਕ ਖ਼ਾਸ ਨਜ਼ਰੀਏ ਜਾਂ ਦਾਇਰੇ ਵਿੱਚ ਬੰਨ੍ਹ ਕੇ ਨਹੀਂ ਦੇਖਣਾ ਚਾਹੀਦਾ। ਇਸ ਮੌਕੇ ਅਵਤਾਰਜੀਤ ਅਟਵਾਲ ਨੇ ਸਮਕਾਲੀ ਕਵਿਤਾ ਬਾਰੇ ਸੁਖਪਾਲ ਨਾਲ ਗੰਭੀਰ ਵਿਚਾਰ-ਚਰਚਾ ਕੀਤੀ। ਹੋਰਨਾਂ ਸਰੋਤਿਆਂ ਨੇ ਵੀ ਉਨ੍ਹਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਵਿਸਥਾਰ ਨਾਲ ਜਵਾਬ ਦਿੱਤੇ। ਕਵੀਨੂਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਅਮਰਜੀਤ ਖਰੌੜ ਅਤੇ ਪਾਲ ਖਰੌੜ ਨੇ ਮੇਜ਼ਬਾਨੀ ਕੀਤੀ। ਸਮਾਗਮ ਦੀ ਸਫ਼ਲਤਾ ਵਿੱਚ ਰਣਧੀਰ ਅਤੇ ਸ਼ਮਸ਼ੇਰ ਔਜਲਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿਚ ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਾਂਝਾ ਸਾਹਿਤਕ ਮੰਚ ਵੱਲੋਂ ਸੁਖਪਾਲ ਨੂੰ ਸਨਮਾਨਿਤ ਕੀਤਾ ਗਿਆ।