- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਸਾਥੀਆਂ ਸਮੇਤ ਦਿਖਾਈ ਤਾਕਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੇ ਅਹੁਦਾ ਸੰਭਾਲ ਸਮਾਗਮ ਮੌਕੇ ਪਟਿਆਲਾ ਦਿਹਾਤੀ ਹਲਕੇ ਦੇ ਕਾਂਗਰਸੀ ਆਗੂ ਸੰਜੀਵ ਸ਼ਰਮਾ ਕਾਲੂ ਆਪਣੇ ਸੈਂਕੜੇ ਸਾਥੀਆਂ ਦੇ ਕਾਫ਼ਲੇ ਨਾਲ ਚੰਡੀਗੜ੍ਹ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਨਵੀਂ ਲੀਡਰਸ਼ਿਪ ਨੂੰ ਸਮਰਥਨ ਦਿੰਦਿਆਂ ਪਟਿਆਲਾ ਦਿਹਾਤੀ ਵਿੱਚ ਕਾਂਗਰਸ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਤੇ ਮਿਸ਼ਨ 2027 ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ। ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੰਦਿਆਂ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਨਵੀਂ ਅਗਵਾਈ ਤੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਕਾਫ਼ੀ ਉਮੀਦਾਂ ਹਨ। ਪਾਰਟੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਣ-ਸਤਿਕਾਰ ਦੇਣਾ ਅਤੇ ਉਨ੍ਹਾਂ ਦੀ ਭੂਮਿਕਾ ਨੂੰ ਮਹੱਤਵ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਿਸ਼ਨ 2027 ਦੀ ਤਿਆਰੀ ਲਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਬਣਨਾ ਪਵੇਗਾ। ਪਟਿਆਲਾ ਦਿਹਾਤੀ ਹਲਕੇ ਵਿਚ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਲਈ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਯਤਨ ਜਾਰੀ ਰੱਖਣਗੇ। ਕਾਲੂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਇਕਜੁੱਟਤਾ, ਆਪਸੀ ਸਤਿਕਾਰ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਅਗਵਾਈ ਹੇਠ ਵਰਕਰਾਂ ਵਿੱਚ ਨਵਾਂ ਜੋਸ਼ ਪੈਦਾ ਹੋਵੇਗਾ ਅਤੇ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਏਗੀ। ਇਸ ਮੌਕੇ ਸੰਤ ਬੰਗਾ, ਸੇਵਕ ਸਿੰਘ ਝਿੱਲ, ਭੁਵੇਸ਼ ਤਿਵਾੜੀ, ਅਮਰਪ੍ਰੀਤ ਸਿੰਘ ਬੋਬੀ, ਜਤਿੰਦਰ ਸਿੰਘ ਜੀਤੂ, ਮਾਧਵ ਸਿੰਗਲਾ, ਰਿਧਮ ਸ਼ਰਮਾ, ਅਭਿਨਵ ਸ਼ਰਮਾ, ਗੁਰਮੀਤ ਚੌਹਾਨ, ਜਸਬੰਤ ਸਿੰਘ ਬੰਤ ਅਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।