ਪੁਲਿਸ ਦੀ ਨਿਗਰਾਨੀ ਹੇਠ ਸ਼ਹਿਰ ’ਚੋਂ ਕੂੜਾ ਚੁੱਕਿਆ ਸਫਾਈ ਸੇਵਕਾਂ ਦੀ ਹੜਤਾਲ 14ਵੇਂ ਦਿਨ ਵੀ ਜਾਰੀ
Publish Date: Tue, 21 Jul 2026 05:30 PM (IST)
Updated Date: Wed, 22 Jul 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਹੋਰ ਮੰਗਾਂ ਦੀ ਪੂਰਤੀ ਲਈ ਸਫਾਈ ਸੇਵਕ ਯੂਨੀਅਨ ਦੀ ਹੜਤਾਲ ਮੰਗਲਵਾਰ ਨੂੰ 14ਵੇਂ ਦਿਨ ਵੀ ਜਾਰੀ ਰਹੀ। ਸਫਾਈ ਸੇਵਕਾਂ ਦੀ ਹੜਤਾਲ ਅਤੇ ਹਾਈ ਕੋਰਟ ਵਿੱਚ ਗੰਦਗੀ ਦੇ ਮੁੱਦੇ ਤੇ ਚੱਲ ਰਹੀ ਸੁਣਵਾਈ ਦੇ ਮੱਦੇਨਜ਼ਰ ਨਗਰ ਕੌਂਸਲ ਸੰਗਰੂਰ ਨੇ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਚੁੱਕਣ ਦਾ ਕੰਮ ਮੁੜ ਸ਼ੁਰੂ ਕਰਵਾਇਆ। ਸਰਕਾਰੀ ਰਣਬੀਰ ਕਾਲਜ ਨੇੜੇ ਪਏ ਕੂੜੇ ਦੇ ਢੇਰ ਨੂੰ ਚੁੱਕਣ ਲਈ ਜਦੋਂ ਨਗਰ ਕੌਂਸਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਸਫਾਈ ਸੇਵਕਾਂ ਨੇ ਉੱਥੇ ਪਹੁੰਚ ਕੇ ਵਿਰੋਧ ਕੀਤਾ ਅਤੇ ਕੂੜਾ ਨਾ ਚੁੱਕਣ ਦੇਣ ਦਾ ਐਲਾਨ ਕੀਤਾ। ਮਾਹੌਲ ਨੂੰ ਤਣਾਅਪੂਰਨ ਹੋਣ ਤੋਂ ਰੋਕਣ ਅਤੇ ਸਫਾਈ ਸੇਵਕਾਂ ਨੂੰ ਸ਼ਾਂਤ ਕਰਨ ਲਈ ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਅਵਤਾਰ ਸਿੰਘ ਮੌਕੇ ਤੇ ਪਹੁੰਚੇ। ਪੁਲਿਸ ਪ੍ਰਸ਼ਾਸਨ ਦੀ ਅਪੀਲ ’ਤੇ ਸਫ਼ਾਈ ਸੇਵਕਾਂ ਨੇ ਆਪਸੀ ਮੀਟਿੰਗ ਕਰਕੇ ਰਣਬੀਰ ਕਾਲਜ ਰੋਡ ਤੋਂ ਕੂੜਾ ਚੁੱਕਣ ਲਈ ਸਹਿਮਤੀ ਦੇ ਦਿੱਤੀ। ਹਾਲਾਂਕਿ, ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਇਸ ਥਾਂ ਤੋਂ ਜ਼ਬਰਦਸਤੀ ਕੂੜਾ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਜਲਦੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਹੜਤਾਲ ਖਤਮ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਸਫਾਈ ਸੇਵਕਾਂ, ਸੀਵਰਮੈਨਾਂ ਅਤੇ ਇਲੈਕਟ੍ਰੀਸ਼ੀਅਨਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਲਗਾਤਾਰ ਜਾਰੀ ਹੈ। ਹੜਤਾਲ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਮੰਗਲਵਾਰ ਨੂੰ ਨਗਰ ਕੌਂਸਲ ਨੇ ਸਿਵਲ ਹਸਪਤਾਲ ਸੰਗਰੂਰ, ਸਬਜ਼ੀ ਮੰਡੀ ਕਲੱਬ ਰੋਡ ਅਤੇ ਰਣਬੀਰ ਕਾਲਜ ਰੋਡ ਤੋਂ ਕੂੜਾ ਚੁੱਕਵਾਇਆ। ਸ਼ਹਿਰ ਵਿੱਚ ਸਿਰਫ਼ ਕੂੜੇ ਦੀ ਹੀ ਨਹੀਂ, ਸਗੋਂ ਦੋ ਦਰਜਨ ਤੋਂ ਵੱਧ ਮੁਹੱਲਿਆਂ ਵਿੱਚ ਸੀਵਰੇਜ ਜਾਮ ਤੇ ਓਵਰਫਲੋ ਦੀ ਸਮੱਸਿਆ ਵੀ ਗੰਭੀਰ ਬਣੀ ਹੋਈ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਲੋਕਲ ਪ੍ਰਧਾਨ ਅਜੈ ਬੇਦੀ, ਨਾਥਾ ਰਾਮ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਸਿਰਫ਼ ਮਾਮੂਲੀ ਤਨਖ਼ਾਹ ਵਾਧਾ ਕਰਕੇ ਹੜਤਾਲ ਖਤਮ ਕਰਵਾਉਣਾ ਚਾਹੁੰਦੀ ਹੈ, ਜਦਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੁੱਖ ਮੰਗ ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਸ਼ਹਿਰ ਦੀਆਂ ਸੜਕਾਂ ਤੋਂ ਜ਼ਬਰਦਸਤੀ ਕੂੜਾ ਨਹੀਂ ਚੁੱਕਣ ਦਿੱਤਾ ਜਾਵੇਗਾ।