ਸਫਾਈ ਸੇਵਕਾਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਲਾਇਆ ਕੂੜੇ ਦਾ ਢੇਰ ਸਫਾਈ ਸੇਵਕਾਂ ਨੇ ਨਗਰ ਕੌਂਸਲ ਦਫ਼ਤਰ ਅੱਗੇ ਲਾਇਆ ਕੂੜੇ ਦਾ ਢੇਰ
Publish Date: Mon, 03 Aug 2026 06:21 PM (IST)
Updated Date: Tue, 04 Aug 2026 04:02 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ 27 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਨੇ ਸੋਮਵਾਰ ਨੂੰ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ (ਈਓ) ਦੇ ਦਫ਼ਤਰ ਦੇ ਸਾਹਮਣੇ ਕੂੜੇ ਦਾ ਢੇਰ ਲਾ ਕੇ ਰੋਸ ਪ੍ਰਗਟਾਇਆ। ਸਫ਼ਾਈ ਸੇਵਕਾਂ ਨੇ ਦੋਸ਼ ਲਾਇਆ ਕਿ ਕਾਰਜ ਸਾਧਕ ਅਫ਼ਸਰ ਵੱਲੋਂ ਸਫ਼ਾਈ ਸੇਵਕਾਂ ਨੂੰ ਫੋਨ ਕਰਕੇ ਹੜਤਾਲ ਖ਼ਤਮ ਹੋਣ ਦੀ ਗੱਲ ਕਹਿ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ’ਤੇ ਕੰਮ ’ਤੇ ਵਾਪਸ ਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਅਜਿਹੇ ਸਥਾਨਾਂ ਤੋਂ ਵੀ ਕੂੜਾ ਚੁੱਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੋਂ ਕੂੜਾ ਚੁੱਕਣ ਲਈ ਸਫਾਈ ਸੇਵਕ ਯੂਨੀਅਨ ਨੇ ਕੋਈ ਸਹਿਮਤੀ ਨਹੀਂ ਦਿੱਤੀ। ਰੋਸ ਵਜੋਂ ਸਫ਼ਾਈ ਸੇਵਕਾਂ ਨੇ ਕੌਂਸਲ ਦਫ਼ਤਰ ਦੇ ਵਿਹੜੇ ’ਚ ਕੂੜੇ ਦਾ ਢੇਰ ਲਾ ਕੇ ਕਾਰਜਸਾਧਕ ਅਫ਼ਸਰ ਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਲੋਕਲ ਪ੍ਰਧਾਨ ਅਜੈ ਬੇਦੀ ਨੇ ਕਿਹਾ ਕਿ ਪਿਛਲੇ 27 ਦਿਨਾਂ ਤੋਂ ਸਫਾਈ ਸੇਵਕ ਯੂਨੀਅਨ ਦੇ ਮੈਂਬਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ, ਪਰ ਸਰਕਾਰ ਸਿਰਫ਼ ਕੱਚੇ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵਾਧਾ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸੰਗਰੂਰ ਦੇ ਕਰੀਬ 27 ਮੁਲਾਜ਼ਮਾਂ ਦੀਆਂ ਹਾਲੇ ਤੱਕ ਸਰਵਿਸ ਬੁੱਕਾਂ ਵੀ ਨਹੀਂ ਬਣਾਈਆਂ ਗਈਆਂ, ਜਦਕਿ ਉਹ ਪਿਛਲੀ ਸਰਕਾਰ ਦੇ ਸਮੇਂ ਤੋਂ ਹੀ ਸਰਵਿਸ ਬੁੱਕ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਇਸ ਮਾਮਲੇ ਵਿੱਚ ਵੀ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਨਿੱਚਰਵਾਰ ਨੂੰ ਡੀਸੀ ਨਾਲ ਹੋਈ ਮੀਟਿੰਗ ਤੋਂ ਬਾਅਦ ਸ਼ਹਿਰ ਦੇ ਸਿਵਲ ਹਸਪਤਾਲ, ਸਬਜ਼ੀ ਮੰਡੀ ਕਲੱਬ ਰੋਡ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਨੇੜੇ ਤੋਂ ਕੂੜਾ ਚੁੱਕਣ ਲਈ ਯੂਨੀਅਨ ਨੇ ਸਹਿਮਤੀ ਦੇ ਦਿੱਤੀ ਸੀ। ਇਸ ਦੇ ਬਾਵਜੂਦ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵੱਲੋਂ ਹੋਰ ਥਾਵਾਂ ਤੋਂ ਵੀ ਕੂੜਾ ਚੁੱਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਸਫਾਈ ਸੇਵਕਾਂ ਨੂੰ ਫੋਨ ਕਰਕੇ ਹੜਤਾਲ ਖ਼ਤਮ ਹੋਣ ਦੀ ਗੱਲ ਕਹਿ ਕੇ ਕੰਮ ਤੇ ਵਾਪਸ ਆਉਣ ਲਈ ਦਬਾਅ ਪਾ ਰਿਹਾ ਹੈ, ਜਦਕਿ ਯੂਨੀਅਨ ਦੀ ਹੜਤਾਲ ਪਹਿਲਾਂ ਵਾਂਗ ਲਗਾਤਾਰ ਜਾਰੀ ਹੈ।