ਸਫਾਈ ਸੇਵਕਾਂ ਕੀਤਾ ਰੋਸ ਮਾਰਚ, ਸਰਕਾਰ ਦਾ ਪੁਤਲਾ ਫੂਕਿਆ ਸਫਾਈ ਸੇਵਕਾਂ ਕੀਤਾ ਰੋਸ ਮਾਰਚ, ਸਰਕਾਰ ਦਾ ਪੁਤਲਾ ਫੂਕਿਆ
Publish Date: Thu, 23 Jul 2026 06:22 PM (IST)
Updated Date: Fri, 24 Jul 2026 04:08 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬੀਤੇ ਦਿਨ ਬਰਨਾਲਾ ਵਿੱਚ ਸਫਾਈ ਸੇਵਕਾਂ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਸੂਬੇ ਭਰ ਦੇ ਸਫਾਈ ਸੇਵਕਾਂ ਵਿੱਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਰੋਧ ਵਿੱਚ ਵੀਰਵਾਰ ਨੂੰ ਸ਼ਹਿਰ ਵਿੱਚ ਸਫਾਈ ਸੇਵਕ ਯੂਨੀਅਨ ਦੀ ਅਗਵਾਈ ਹੇਠ ਸਫਾਈ ਸੇਵਕਾਂ ਨੇ ਨਗਰ ਕੌਂਸਲ ਦਫ਼ਤਰ ਤੋਂ ਲਾਲਬੱਤੀ ਚੌਂਕ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਲਾਲ ਬੱਤੀ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਰੋਸ ਪ੍ਰਦਰਸ਼ਨ ਨੂੰ ਸਮਰਥਨ ਦੇਣ ਲਈ ਕੌਸਲਰ ਵਿਜੈ ਲੰਕੇਸ਼, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ, ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਨੁਮਾਇੰਦੇ ਚਮਨਦੀਪ ਸਿੰਘ ਮਿਲਖੀ ਸਮੇਤ ਹੋਰ ਆਗੂ ਅਤੇ ਵਰਕਰ ਵੀ ਮੌਕੇ ਤੇ ਮੌਜੂਦ ਰਹੇ। ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਸਫਾਈ ਸੇਵਕ ਅਤੇ ਸੀਵਰਮੈਨ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਪਿਛਲੇ 16 ਦਿਨਾਂ ਤੋਂ ਪੰਜਾਬ ਭਰ ਵਿੱਚ ਹੜਤਾਲ ਤੇ ਹਨ, ਪਰ ਸਰਕਾਰ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਦੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰ ਰੋਜ਼ ਸ਼ਹਿਰਾਂ ਵਿੱਚੋਂ ਕੂੜੇ ਦੇ ਢੇਰ ਚੁੱਕਵਾ ਕੇ ਸਫਾਈ ਸੇਵਕਾਂ ਨੂੰ ਉਕਸਾਇਆ ਜਾ ਰਿਹਾ ਹੈ, ਜਿਸ ਨਾਲ ਟਕਰਾਅ ਦੀ ਸਥਿਤੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਫਾਈ ਸੇਵਕਾਂ ਤੇ ਕੀਤਾ ਗਿਆ ਤਸ਼ੱਦਦ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐੱਸਐੱਸਪੀ ਬਰਨਾਲਾ ਅਤੇ ਡੀਐੱਸਪੀ ਬਰਨਾਲਾ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਾਰੇ ਆਊਟਸੋਰਸ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਠੇਕਾ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਠੇਕੇਦਾਰੀ ਪ੍ਰਣਾਲੀ ਖ਼ਤਮ ਕੀਤੀ ਜਾਵੇ ਅਤੇ ਦਸ ਸਾਲਾ ਨੀਤੀ ਰੱਦ ਕੀਤੀ ਜਾਵੇ। ਇਸ ਮੌਕੇ ਕੌਸਲਰ ਵਿਜੈ ਲੰਕੇਸ਼, ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਨੁਮਾਇੰਦੇ ਚਮਨਦੀਪ ਸਿੰਘ ਮਿਲਖੀ ਨੇ ਵੀ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰ ਰਹੀ ਅਤੇ ਦੂਜੇ ਪਾਸੇ ਹਾਈ ਕੋਰਟ ਦਾ ਡਰ ਦਿਖਾ ਕੇ ਉਨ੍ਹਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਤੋਂ ਸਫਾਈ ਸੇਵਕਾਂ ਤੇ ਜ਼ੁਲਮ ਕਰਵਾਇਆ ਜਾ ਰਿਹਾ ਹੈ ਅਤੇ ਮਹਿਲਾਵਾਂ ਤੇ ਵੀ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ, ਜਿਸ ਦਾ ਸਫਾਈ ਸੇਵਕ ਡਟ ਕੇ ਜਵਾਬ ਦੇਣਗੇ। ਉਨ੍ਹਾਂ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਲੋਕਲ ਪ੍ਰਧਾਨ ਅਜੈ ਬੇਦੀ, ਨਾਥਾ ਰਾਮ,ਉਮਾ ਦੇਵੀ, ਅਮਿਤ ਕੁਮਾਰ ਹਾਜ਼ਰ ਸਨ।