ਸਫ਼ਾਈ ਸੇਵਕ ਸ਼ਿਵ ਕੁਮਾਰ ਕਤਲ ਮਾਮਲਾ: ਪੁਲਿਸ ਦੇ ਹੱਥ ਲੱਗੇ ਦੋ ਮੁਲਜ਼ਮ ਸਫ਼ਾਈ ਸੇਵਕ ਸ਼ਿਵ ਕੁਮਾਰ ਕਤਲ ਮਾਮਲਾ: ਪੁਲਿਸ ਦੇ ਹੱਥ ਲੱਗੇ ਦੋ ਮੁਲਜ਼ਮ
Publish Date: Mon, 13 Jul 2026 04:13 PM (IST)
Updated Date: Tue, 14 Jul 2026 04:00 AM (IST)
ਸੱਸ-ਜਵਾਈ ਗ੍ਰਿਫ਼ਤਾਰ, ਬਾਕੀ ਮੁਲਜ਼ਮਾਂ ਦੀ ਜਾਰੀ ਭਾਲ ਸੱਤਪਾਲ ਸਿਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸਫ਼ਾਈ ਸੇਵਕ ਸ਼ਿਵ ਕੁਮਾਰ ਦੇ ਕਥਿਤ ਕਤਲ ਮਾਮਲੇ ਵਿੱਚ ਲਗਾਤਾਰ ਛੇ ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੌਰਾਨ ਪੁਲਿਸ ਨੇ ਮਾਮਲੇ ਵਿੱਚ ਨਾਮਜ਼ਦ ਦੋ ਮੁਲਜ਼ਮਾਂ ਨਾਸਰਾ ਅਤੇ ਉਸ ਦੇ ਜਵਾਈ ਜਾਵੇਦ ਨਦੀਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਸ਼ਿਵ ਕੁਮਾਰ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਵਾਉਣ ਲਈ ਸਹਿਮਤੀ ਦੇ ਦਿੱਤੀ, ਪਰ ਨਾਲ ਹੀ ਸਪੱਸ਼ਟ ਕੀਤਾ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਇਨਸਾਫ਼ ਲਈ ਸੰਘਰਸ਼ ਜਾਰੀ ਰਹੇਗਾ।ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ, ਜੋ ਪੰਜਾਬ ਐਸਸੀ ਕਮਿਸ਼ਨ ਦੀ ਸਾਬਕਾ ਮੈਂਬਰ ਬੀਬੀ ਪੂਨਮ ਕਾਂਗੜਾ ਦੇ ਇਕਲੌਤੇ ਭਰਾ ਸਨ, ਦੀ ਲਾਸ਼ 8 ਜੁਲਾਈ ਨੂੰ ਸ਼ਹਿਰ ਦੀ ਨਹਿਰੂ ਮਾਰਕੀਟ ਵਿੱਚ ਭੇਦਭਰੀ ਹਾਲਤ ਵਿੱਚ ਮਿਲੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕ ਦੇ ਸਰੀਰ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਸੋਚੀ-ਸਮਝੀ ਹੱਤਿਆ ਕਰਾਰ ਦਿੰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮ੍ਰਿਤਕ ਦੀ ਮਾਤਾ ਬਬਲੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਐਸਸੀ/ਐਸ.ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਹਾਲਾਂਕਿ, ਗ੍ਰਿਫ਼ਤਾਰੀਆਂ ਨਾ ਹੋਣ ਕਾਰਨ ਪਰਿਵਾਰ ਨੇ ਪੰਜ ਦਿਨਾਂ ਤੱਕ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਸ਼ਿਵ ਕੁਮਾਰ ਦੀ ਮ੍ਰਿਤਕ ਦੇਹ ਮੋਰਚਰੀ ਵਿੱਚ ਹੀ ਪਈ ਰਹੀ। ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਪੂਰੀ ਕਰ ਦਿੱਤੀ ਗਈ, ਪਰ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸ਼ਿਵ ਕੁਮਾਰ ਦੇ ਭੋਗ ਤੋਂ ਪਹਿਲਾਂ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਭੋਗ ਦੀਆਂ ਰਸਮਾਂ ਮਾਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਤੇ ਸੜਕ ਕਿਨਾਰੇ ਟੈਂਟ ਲਾ ਕੇ ਕੀਤੀਆਂ ਜਾਣਗੀਆਂ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਪਰਿਵਾਰ ਨੂੰ ਅਧੂਰਾ ਨਹੀਂ, ਸਗੋਂ ਪੂਰਾ ਇਨਸਾਫ਼ ਚਾਹੀਦਾ ਹੈ। ਜਦ ਤੱਕ ਕੇਸ ਦੇ ਸਾਰੇ ਨਾਮਜ਼ਦ ਮੁਲਜ਼ਮ ਕਾਨੂੰਨ ਦੀ ਗ੍ਰਿਫ਼ਤ ਵਿੱਚ ਨਹੀਂ ਆ ਜਾਂਦੇ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।