ਹੁਣ ਕਰੋੜਾਂ ਰੁਪਏ ਦੀ ਲਾਗਤ ਨਾਲ ਸੁਧਰੇਗੀ ਸੰਗਰੂਰ ਦੀ ਤਸਵੀਰ ਹੁਣ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨਾਲ ਸੁਧਰੇਗੀ ਸੰਗਰੂਰ ਦੀ ਤਸਵੀਰ
Publish Date: Fri, 14 Aug 2026 06:35 PM (IST)
Updated Date: Fri, 14 Aug 2026 06:38 PM (IST)
ਨਗਰ ਕੌਂਸਲ ਹਾਊਸ ਦੀ ਮੀਟਿੰਗ ’ਚ ਵਿਕਾਸ ਕੰਮਾਂ ਨੂੰ ਮਨਜ਼ੂਰੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਸ਼ਹਿਰ ਦੇ ਸਾਰੇ 29 ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਹੋਈ ਹਾਊਸ ਦੀ ਮੀਟਿੰਗ ਵਿੱਚ ਕਰੋੜਾਂ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿੱਚ ਸਾਰੇ ਛੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਹਾਲਾਂਕਿ, ਕਾਂਗਰਸੀ ਕੌਂਸਲਰ ਬਲਵੀਰ ਕੌਰ ਸੈਣੀ ਅਤੇ ਕੌਂਸਲਰ ਪਰਮਿੰਦਰ ਸਿੰਘ ਪਿੰਕੀ ਮੀਟਿੰਗ ਨੂੰ ਵਿਚਕਾਰ ਹੀ ਛੱਡ ਕੇ ਚਲੇ ਗਏ। ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਾਰੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡਾਂ ਵਿੱਚ ਕਰਵਾਏ ਜਾਣ ਵਾਲੇ ਜ਼ਰੂਰੀ ਵਿਕਾਸ ਕਾਰਜਾਂ ਦੀ ਸੂਚੀ ਤਿਆਰ ਕਰਕੇ ਦੋ-ਤਿੰਨ ਦਿਨਾਂ ਦੇ ਅੰਦਰ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਵਾਰਡ ਨਾਲ ਸਿਆਸੀ ਭੇਦਭਾਵ ਨਹੀਂ ਕੀਤਾ ਜਾਵੇਗਾ। ਕੌਂਸਲਰਾਂ ਦੀ ਸਹਿਮਤੀ ਅਤੇ ਤਰਜੀਹ ਦੇ ਆਧਾਰ ’ਤੇ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ, ਸਫ਼ਾਈ ਸਮੇਤ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕੰਮ ਕਰਵਾਏ ਜਾਣਗੇ। ਬਲਕ ਵੇਸਟ ਜਨਰੇਟਰਾਂ ਤੋਂ ਕੂੜਾ ਚੁੱਕਣ ਲਈ ਤੈਅ ਹੋਵੇਗੀ ਫੀਸ ਸ਼ਹਿਰ ਵਿੱਚ ਅਣਅਧਿਕਾਰਤ ਥਾਵਾਂ ’ਤੇ ਕੂੜਾ ਸੁੱਟਣ ਦੀ ਸਮੱਸਿਆ ’ਤੇ ਰੋਕ ਲਾਉਣ ਲਈ ਨਗਰ ਕੌਂਸਲ ਨੇ ਮੈਰਿਜ ਪੈਲੇਸਾਂ, ਹੋਟਲਾਂ, ਹਸਪਤਾਲਾਂ, ਮਾਲਾਂ ਅਤੇ ਵੱਡੇ ਵਪਾਰਕ ਅਦਾਰਿਆਂ ਤੋਂ ਕੂੜਾ ਚੁੱਕਣ ਦੀ ਵਿਵਸਥਾ ਲਾਗੂ ਕਰਨ ਦਾ ਮਤਾ ਪਾਸ ਕੀਤਾ। ਹੁਣ ਇਨ੍ਹਾਂ ਸੰਸਥਾਵਾਂ ਤੋਂ ਕੌਂਸਲ ਜਾਂ ਇਸ ਦੇ ਅਧਿਕਾਰਤ ਵੈਂਡਰ ਰਾਹੀਂ ਕੂੜਾ ਚੁੱਕਿਆ ਜਾਵੇਗਾ। ਕੂੜੇ ਦੀ ਮਾਤਰਾ ਅਤੇ ਸ਼੍ਰੇਣੀ ਦੇ ਅਨੁਸਾਰ ਨਿਸ਼ਚਿਤ ਫੀਸ ਤੈਅ ਕੀਤੀ ਜਾਵੇਗੀ। ਸਰਵੇ ਦੌਰਾਨ ਲਗਭਗ 60 ਵੱਡੇ ਅਦਾਰਿਆਂ ਦੀ ਪਛਾਣ ਕੀਤੀ ਗਈ ਹੈ। ਕੌਂਸਲ ਅਨੁਸਾਰ ਨਵੀਂ ਵਿਵਸਥਾ ਨਾਲ ਗੈਰ-ਕਾਨੂੰਨੀ ਡੰਪਿੰਗ ’ਤੇ ਰੋਕ ਲੱਗੇਗੀ ਅਤੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾ ਸਕੇਗਾ। ਸੀਵਰੇਜ ਤੇ ਸਟਰੀਟ ਲਾਈਟ ਦਾ ਮੁੱਦਾ ਵੀ ਚੁੱਕਿਆ ਮੀਟਿੰਗ ਵਿੱਚ ਕੌਂਸਲਰਾਂ ਨੇ ਸਵਾ ਕਰੋੜ ਰੁਪਏ ਦੇ ਮਤੇ ਦੇ ਬਾਵਜੂਦ ਸੀਵਰੇਜ ਦੀ ਸਮੱਸਿਆ ਹੱਲ ਨਾ ਹੋਣ ਦਾ ਮੁੱਦਾ ਚੁੱਕਿਆ। ਅਧਿਕਾਰੀਆਂ ਨੇ ਦੱਸਿਆ ਕਿ ਭਗਤ ਸਿੰਘ ਚੌਕ ਤੋਂ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਪੜਾਅਵਾਰ ਢੰਗ ਨਾਲ ਪੂਰੇ ਸ਼ਹਿਰ ਵਿੱਚ ਸਫ਼ਾਈ ਕੀਤੀ ਜਾਵੇਗੀ। ਖਰਾਬ ਸਟਰੀਟ ਲਾਈਟਾਂ ਦਾ ਮੁੱਦਾ ਵੀ ਮੀਟਿੰਗ ਦੌਰਾਨ ਉਠਿਆ, ਜਿਸ ’ਤੇ ਵਿਧਾਇਕਾ ਨੇ ਇਨ੍ਹਾਂ ਨੂੰ ਜਲਦ ਚਾਲੂ ਕਰਵਾਉਣ ਦਾ ਭਰੋਸਾ ਦਿੱਤਾ। ਕੌਂਸਲਰ ਵਿਜੇ ਲੰਕੇਸ਼ ਵੱਲੋਂ ਵਾਰਡਾਂ ਵਿੱਚ ਪ੍ਰਸਤਾਵਿਤ ਕੰਮਾਂ ਦੀ ਜਾਣਕਾਰੀ ਨਾ ਮਿਲਣ ਦਾ ਮੁੱਦਾ ਉਠਾਏ ਜਾਣ ’ਤੇ ਸਾਰੇ ਕੌਂਸਲਰਾਂ ਨੂੰ ਕੰਮਾਂ ਦੀ ਸੂਚੀ ਉਪਲਬਧ ਕਰਵਾਈ ਗਈ। ਗਊ ਸੈੱਸ ’ਚੋਂ 15 ਲੱਖ ਰੁਪਏ ਮੁਆਵਜ਼ਾ ਹਾਊਸ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਢੱਠੇ ਦੇ ਹਮਲੇ ਵਿੱਚ ਮਾਰੇ ਗਏ ਵਿਜੈ ਦੀ ਪਤਨੀ ਨਿਸ਼ਾ ਰਾਣੀ ਨੂੰ 15 ਲੱਖ ਰੁਪਏ ਮੁਆਵਜ਼ਾ ਦੇਣ ਦਾ ਮਾਮਲਾ ਵੀ ਰੱਖਿਆ ਗਿਆ। ਵਿਜੈ ਦੀ 21 ਸਤੰਬਰ 2007 ਨੂੰ ਲਾਵਾਰਿਸ ਢੱਠੇ ਦੇ ਹਮਲੇ ਵਿੱਚ ਮੌਤ ਹੋ ਗਈ ਸੀ। ਅਦਾਲਤ ਨੇ ਚਾਰ ਹਫ਼ਤਿਆਂ ਦੇ ਅੰਦਰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਹਾਊਸ ਨੇ ਗਊ ਸੈੱਸ ਦੀ ਰਕਮ ਵਿੱਚੋਂ 15 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ’ਤੇ ਸਹਿਮਤੀ ਪ੍ਰਗਟਾਈ।