9 ਤੋਂ 3 ਸੰਗਰੂਰ ਰਿਹਾ ਮੁਕੰਮਲ ਬੰਦ, ਸਫਾਈ ਸੇਵਕਾਂ ਕੱਢਿਆ ਰੋਸ ਮਾਰਚ 9 ਤੋਂ 3 ਸੰਗਰੂਰ ਰਿਹਾ ਮੁਕੰਮਲ ਬੰਦ, ਸਫਾਈ ਸੇਵਕਾਂ ਕੱਢਿਆ ਰੋਸ ਮਾਰਚ
Publish Date: Thu, 30 Jul 2026 05:10 PM (IST)
Updated Date: Fri, 31 Jul 2026 04:05 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬਰਨਾਲਾ ਵਿੱਚ ਸਫਾਈ ਸੇਵਕਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸਫਾਈ ਸੇਵਕਾਂ ਵੱਲੋਂ ਬੰਦ ਦੀ ਦਿੱਤੀ ਕਾਲ ਦਾ ਸੰਗਰੂਰ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਸਫਾਈ ਸੇਵਕਾਂ ਦੇ ਸੰਘਰਸ਼ ਦਾ ਸਮਰਥਣ ਕਰਦਿਆਂ ਵਪਾਰੀਆਂ ਨੇ ਸਵੇਰ 9 ਵਜੇ ਤੋ ਦੁਪਹਿਰ 3 ਵਜੇ ਤੱਕ ਆਪਣੇ ਕਾਰੋਬਾਰ ਬੰਦ ਰੱਖੇ। ਸਿਰਫ ਮੈਡੀਕਲ ਦੀਆਂ ਦੁਕਾਨਾਂ, ਬੈਕ, ਸਕੂਲ ਹੀ ਖੁੱਲੇ ਰਹੇ। ਇਸ ਦੌਰਾਨ ਸਫਾਈ ਸੇਵਕਾਂ ਨੇ ਨਗਰ ਕੌਂਸਲ ਦਫਤਰ ਤੋਂ ਰੋਸ ਮਾਰਚ ਕੀਤਾ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋ ਹੋ ਕੇ ਲੰਘਿਆ। ਇਸ ਦੌਰਾਨ ਸਫਾਈ ਸੇਵਕਾਂ ਨੇ ਹੱਥਾਂ ਵਿੱਚ ਝਾੜੂ ਚੁੱਕਕੇ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਕੁਝ ਸਮੇ ਲਈ ਲਾਲ ਬੱਤੀ ਚੌਕ ਵਿੱਚ ਜਾਮ ਲਾ ਕੇ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਬਰਨਾਲਾ ਵਿੱਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਤੇ ਜੋ ਜੁਲਮ ਢਾਹਿਆ ਗਿਆ ਹੈ, ਉਹ ਸਹਿਣਯੋਗ ਨਹੀ ਹੈ। ਪੁਲਿਸ ਨੇ ਬੇਰਹਿਮੀ ਨਾਲ ਪ੍ਰਦਰਸ਼ਨਕਾਰੀ ਔਰਤਾਂ ਤੇ ਡਾਂਗਾ ਵਰ੍ਹਾਈਆਂ ਅਤੇ ਉਨ੍ਹਾਂ ਦਾ ਖੂਨ ਡੋਲਿਆ। ਉਨ੍ਹਾਂ ਕਿਹਾ ਇਸ ਲਾਠੀਚਾਰਜ ਲਈ ਜਿੰਮੇਵਾਰ ਸਾਰੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ, ਜੇਕਰ ਅਜਿਹਾ ਨਹੀ ਹੁੰਦਾ ਤਾਂ ਸਫਾਈ ਸੇਵਕ ਆਰ ਪਾਰ ਦੀ ਲੜਾਈ ਲੜਨ ਤੋ ਪਿੱਛੇ ਨਹੀ ਹਟਣਗੇ। ਉਨ੍ਹਾਂ ਕਿਹਾ ਕਿ ਪਿਛਲੇ 21 ਦਿਨਾਂ ਤੋ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਪਿਛਲੇ 23 ਦਿਨਾਂ ਤੋ ਲਗਾਤਾਰ ਹੜਤਾਲ ਤੇ ਚੱਲ ਰਹੇ ਹਨ, ਪ੍ਰੰਤੂ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰਤਾ ਨਹੀ ਵਿਖਾ ਰਹੀ। ਉਨ੍ਹਾਂ ਸਪੱਸ਼ਟ ਕਿਹਾ ਕਿ ਜਦੋ ਤੱਕ ਉਨ੍ਹਾਂ ਦੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ ਉਦੋ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੱਚੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੈਡਿੰਗ ਡੀਏ ਦੀ ਕਿਸਤ ਜਾਰੀ ਕੀਤੀ ਜਾਵੇ, ਵੈੱਟ ਦੀ ਕਿਸਤ ਦੁੱਗਣੀ ਕੀਤੀ ਜਾਵੇ, 10 ਸਾਲ ਦੀ ਪਾਲਿਸੀ ਰੱਦ ਕੀਤੀ ਜਾਵੇ। ਪ੍ਰਦਰਸ਼ਨ ਦੌਰਾਨ ਕਿਸਾਨ ਯੂਨੀਅਨਾਂ ਅਤੇ ਹੋਰਨਾਂ ਜਥੇਬੰਦੀਆਂ ਨੇ ਵੀ ਸਫਾਈ ਸੇਵਕਾਂ ਦੇ ਸੰਘਰਸ਼ ਦਾ ਸਮਰਥਨ ਕੀਤਾ। ਇਸ ਮੌਕੇ ਅਜੈ ਬੇਦੀ, ਸੰਜੀਵ ਸਾਹਨੀ, ਅਮਰੀਕ ਸਿੰਘ, ਵਿਜੈ ਲੰਕੇਸ਼, ਚਮਨਦੀਪ ਸਿੰਘ ਮਿਲਖੀ, ਆਵਾ ਸਿੰਘ, ਸ਼ਸ਼ੀ ਚਾਵਰੀਆ, ਨਰੇਸ਼ ਬਬਰੀਕ, ਗੁਰਪ੍ਰੀਤ ਸਿੰਘ, ਚਮਕੌਰ ਸਿੰਘ, ਸੀਤਾ ਰਾਮ ਚੌਹਾਨ ਆਦਿ ਮੌਜੂਦ ਸਨ।