ਰੇਤ ਮਾਫ਼ੀਆ ਖ਼ਿਲਾਫ਼ ‘ਆਪ’ ਸਰਕਾਰ ਦੀ ਸਖ਼ਤੀ ਰੇਤ ਮਾਫ਼ੀਆ ਖ਼ਿਲਾਫ਼ ‘ਆਪ’ ਸਰਕਾਰ ਦੀ ਸਖ਼ਤੀ: ਇੰਜੀਨੀਅਰ ਉਵੈਸ
Publish Date: Sat, 31 Oct 2026 05:08 PM (IST)
Updated Date: Sun, 01 Nov 2026 04:02 AM (IST)
.ਪੰਜ ਸਾਲਾਂ ’ਚ 1845 ਐੱਫਆਈਆਰ ਦਰਜ, 3988 ਵਾਹਨ ਜ਼ਬਤ ਤੇ 27.33 ਕਰੋੜ ਰੁਪਏ ਦੀ ਵਸੂਲੀ ਦਾ ਦਾਅਵਾ ਸੱਤਪਾਲ ਸਿੰਘ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ : ਆਮ ਆਦਮੀ ਪਾਰਟੀ ਦੇ ਆਗੂ ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ 1845 ਐੱਫਆਈਆਰ ਦਰਜ ਕੀਤੀਆਂ ਗਈਆਂ, 3988 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਅਤੇ 28.70 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ। ਇਨ੍ਹਾਂ ਵਿੱਚੋਂ 27.33 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੇਸ਼ ਕੀਤੇ ਅੰਕੜੇ ਸਰਕਾਰ ਦੀ ਕਾਰਵਾਈ ਨੂੰ ਦਰਸਾਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਰੇਤ ਤੇ ਬਜਰੀ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਮਿਲਦੀ ਰਹੀ, ਜਦਕਿ ਮੌਜੂਦਾ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇੰਜੀਨੀਅਰ ਉਵੈਸ ਨੇ ਦੱਸਿਆ ਕਿ ਸਾਲ 2026 ਦੌਰਾਨ ਹੁਣ ਤੱਕ 247 ਐੱਫਆਈਆਰ ਦਰਜ ਕਰਨ, 668 ਵਾਹਨ ਤੇ ਮਸ਼ੀਨਾਂ ਜ਼ਬਤ ਕਰਨ ਅਤੇ 8.67 ਕਰੋੜ ਰੁਪਏ ਦੇ ਜੁਰਮਾਨੇ ਲਗਾਉਣ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ, ਅੰਮ੍ਰਿਤਸਰ, ਰੂਪਨਗਰ, ਪਠਾਨਕੋਟ ਅਤੇ ਕਪੂਰਥਲਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇ ਮਾਰ ਕੇ ਮਸ਼ੀਨਾਂ ਤੇ ਵਾਹਨ ਜ਼ਬਤ ਕੀਤੇ ਗਏ ਹਨ ਅਤੇ ਕਈ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਨਾਲ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਗ਼ੈਰ-ਕਾਨੂੰਨੀ ਮਾਈਨਿੰਗ ਹੋਣ ਦੀ ਜਾਣਕਾਰੀ ਮਿਲੇ ਤਾਂ ਸਬੰਧਤ ਵਿਭਾਗ ਨੂੰ ਸ਼ਿਕਾਇਤ ਕਰਨ।