ਸੰਗਰੂਰ ਦਾ ਅਜਾਇਬ ਘਰ: ਕਦੇ ਸੀ ਸ਼ਹਿਰ ਦੀ ਸ਼ਾਨ, ਹੁਣ ਹੋਇਆ ਵੀਰਾਨ
ਸੰਗਰੂਰ ਦਾ ਅਜਾਇਬ ਘਰ: ਕਦੇ ਸੀ ਸ਼ਹਿਰ ਦੀ ਸ਼ਾਨ, ਹੁਣ ਹੋਇਆ ਵੀਰਾਨ
Publish Date: Mon, 19 Jan 2026 05:36 PM (IST)
Updated Date: Tue, 20 Jan 2026 04:09 AM (IST)

ਕਰੋੜਾਂ ਖਰਚੇ, ਫਿਰ ਵੀ ਅਜਾਇਬ ਘਰ ਬੰਦ, ਲੋਕ ਮੁੜ ਰਹੇ ਨਿਰਾਸ਼ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਥਾਂ-ਥਾਂ ਤੋਂ ਲੱਥ ਰਿਹਾ ਪਲੱਸਤਰ, ਟੁੱਟ ਰਹੀਆਂ ਦੀਵਾਰਾਂ, ਪਿਛਲੇ ਪਾਸੇ ਦੇ ਟੁੱਟੇ ਦੋਵੇਂ ਗੇਟ ਅਤੇ ਚਾਰੇ ਪਾਸੇ ਛਾਈ ਵੀਰਾਨਗੀ। ਕੁਝ ਅਜਿਹੇ ਹੀ ਹਾਲਾਤ ਹਨ ਸ਼ਹਿਰ ਦੇ ਇਤਿਹਾਸਕ ਅਜਾਇਬ ਘਰ ਬਨਾਸਰ ਬਾਗ ਦੇ। ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਅਜਾਇਬ ਘਰ ਦੇ ਦਰਵਾਜੇ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਇਸਨੂੰ ਵੇਖਣ ਦੀ ਰੀਝ ਲੈ ਕੇ ਆਉਣ ਵਾਲੇ ਲੋਕਾਂ ਨੂੰ ਨਿਰਾਸ਼ ਹੀ ਵਾਪਸ ਮੁੜਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਜੀਂਦ ਦੀ ਰਿਆਸਤ ਸ਼ਹਿਰ ਸੰਗਰੂਰ ਦੇ ਬਨਾਸਰ ਬਾਗ ਵਿੱਚ ਉਸ ਸਮੇਂ ਹੋਰਨਾਂ ਇਤਿਹਾਸਕ ਇਮਾਰਤਾਂ ਵਿੱਚ ਸ਼ੁਮਾਰ ਦੀਵਾਨਖਾਨਾ ਦੀ ਖੂਬਸੂਰਤ ਇਮਾਰਤ ਵਿੱਚ ਰਾਜਾ ਆਪਣਾ ਦਰਬਾਰ ਲਾਉਦਾ ਸੀ। ਦੀਵਾਨਖਾਨੇ ਦੇ ਅੱਗੇ ਰਾਜੇ ਦੀ ਆਪਣੀ ਰਹਾਇਸ਼ ਸੀ, ਜਿਸਨੂੰ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਇਸ ਅਜਾਇਬ ਘਰ ਵਿੱਚ ਪੁਰਾਣੇ ਹਥਿਆਰਾਂ ਤੋਂ ਇਲਾਵਾ ਹੋਰ ਕਈ ਬੇਸ਼ਕੀਮਤੀ ਵਸਤੂਆਂ ਰੱਖੀਆਂ ਗਈਆਂ, ਜਿਨਾਂ ਨੂੰ ਵੇਖਣ ਲਈ ਵੱਡੀ ਗਿਣਤੀ ਲੋਕ ਆਉਂਦੇ ਸਨ, ਪ੍ਰੰਤੂ ਸਮੇਂ ਦੇ ਨਾਲ ਇਹ ਇਮਾਰਤ ਆਪਣੀ ਹੋਂਦ ਗਵਾਉਣ ਲੱਗੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀਆਂ ਕੋਸ਼ਿਸ਼ਾਂ ਸਦਕਾ ਇਸਨੂੰ ਦੁਬਾਰਾ ਤੋਂ ਸੰਵਾਰਨ ਲਈ 7 ਕਰੋੜ ਰੁਪਏ ਦੀ ਗ੍ਰਾਂਟ ਮਨਜੂਰ ਕਰਵਾਏ ਅਤੇ ਇਸ ਕੰਮ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਦਸੰਬਰ 2021 ਕੀਤਾ ਗਿਆ। ਕੰਮ ਦੇ ਚਲਦਿਆਂ ਅਜਾਇਬ ਘਰ ਨੂੰ ਬੰਦ ਕਰ ਦਿੱਤਾ ਗਿਆ। ਅਜਾਇਬ ਘਰ ਦੀ ਦਿੱਖ ਇਕ ਵਾਰ ਫੇਰ ਬਦਲ ਗਈ ਅਤੇ ਰਾਤ ਦੇ ਹਨੇਰੇ ਵਿੱਚ ਅਜਾਇਬ ਘਰ ਦੀ ਇਮਾਰਤ ਚਮਕਣ ਲੱਗੀ। ਲੋਕਾਂ ਲਈ ਇਸਨੂੰ ਖੋਲ ਦਿੱਤਾ ਗਿਆ। ਪ੍ਰੰਤੂ ਦੋ ਤਿੰਨ ਮਹੀਨਿਆਂ ਬਾਅਦ ਹੀ ਇਸਨੂੰ ਦੁਬਾਰਾ ਜਿੰਦਰਾ ਲਾ ਦਿੱਤਾ ਗਿਆ। ਜੋ ਹਾਲੇ ਤੱਕ ਨਹੀ ਖੁੱਲਿਆ। ਸ਼ਹਿਰ ਵਾਸੀਆਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਕਰੋੜਾਂ ਰੁਪਏ ਖਰਚਣ ਦਾ ਕੀ ਫਾਇਦਾ ਜੇਕਰ ਇਸਨੂੰ ਬੰਦ ਹੀ ਰੱਖਣਾ ਹੈ। ----------------- ਕਰਮ ਲਹਿਲ ਨੇ ਗਵਰਨਰ ਤੱਕ ਪਹੁੰਚਾਇਆ ਸੰਗਰੂਰ ਦਾ ਦਰਦ ਅਜਾਇਬ ਘਰ ਦੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਸੂਬਾ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲਹਿਲ ਵੱਲੋਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸੰਗਰੂਰ ਨਾਲ ਜੁੜੀ ਇਸ ਇਤਿਹਾਸਕ ਰਿਆਸਤੀ ਨਿਸ਼ਾਨੀ ਦੀ ਮਹੱਤਤਾ ਵੱਲ ਧਿਆਨ ਦਿਵਾਇਆ। ਉਨ੍ਹਾਂ ਦੱਸਿਆ ਕਿ ਦੀਵਾਨ ਖਾਨਾ ਅਜਾਇਬ ਘਰ ਜੀਂਦ ਰਿਆਸਤ ਦੀ ਇਕਲੌਤੀ ਬਚੀ ਹੋਈ ਇਮਾਰਤ ਹੈ ਅਤੇ ਸੰਗਰੂਰ ਖੁਦ ਵੀ ਕਦੇ ਜੀਂਦ ਰਿਆਸਤ ਦੀ ਰਾਜਧਾਨੀ ਰਹਿ ਚੁੱਕਿਆ ਹੈ। ਅਜਿਹੀ ਅਨਮੋਲ ਵਿਰਾਸਤ ਦਾ ਸੰਭਾਲਿਆ ਜਾਣਾ ਇਤਿਹਾਸਕ ਅਤੇ ਸੱਭਿਆਚਾਰਕ ਦ੍ਰਿਸ਼ਟੀ ਤੋਂ ਬਹੁਤ ਜ਼ਰੂਰੀ ਹੈ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਤੁਰੰਤ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਅਜਾਇਬ ਘਰ ਦੀ ਮੌਜੂਦਾ ਸਥਿਤੀ ਸਬੰਧੀ ਵਿਸਥਾਰਪੂਰਕ ਰਿਪੋਰਟ ਤਿਆਰ ਕਰਕੇ ਰਾਜ ਭਵਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਅਜਾਇਬ ਘਰ ਦੇ ਸੁਚਾਰੂ ਸੰਚਾਲਨ ਲਈ ਕਿਸੇ ਕਿਸਮ ਦੀ ਮਦਦ ਜਾਂ ਫੰਡ ਦੀ ਲੋੜ ਪੈਂਦੀ ਹੈ, ਤਾਂ ਇਸ ਸਬੰਧੀ ਜਰੂਰੀ ਕਦਮ ਚੁੱਕੇ ਜਾਣਗੇ। ਇਸ ਮੌਕੇ ਭਾਜਪਾ ਯੂਥ ਪ੍ਰਧਾਨ ਬਰਨਾਲਾ ਰਮਨ ਜਵੰਧਾ ਵੀ ਮੌਜੂਦ ਰਹੇ ਸਨ।