- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੰਟੇ ਦੀ ਬਾਰਿਸ਼ ’ਚ ਹੀ ਡੁੱਬਿਆ ਸ਼ਹਿਰ ਸੰਗਰੂਰ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਆਖਿਰਕਾਰ ਲੰਮੀ ਉਡੀਕ ਮਗਰੋਂ ਸ਼ੁੱਕਰਵਾਰ ਨੂੰ ਇਲਾਕੇ ਵਿੱਚ ਹੋਈ ਜ਼ੋਰਦਾਰ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ, ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭਰੇ ਪਾਣੀ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਵੀ ਵਧਾ ਦਿੱਤੀਆਂ। ਸੜਕਾਂ ਅਤੇ ਗਲੀਆਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ ਅਤੇ ਪਹਿਲਾਂ ਤੋ ਸੀਵਰੇਜ ਜਾਮ ਦੀ ਸਮੱਸਿਆ ਹੋਰ ਜ਼ਿਆਦਾ ਗੰਭੀਰ ਬਣ ਗਈ, ਜਿਸਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ।
ਦੱਸ ਦੇਈਏ ਕਿ ਸਵੇਰ ਤੋਂ ਹੀ ਅਸਮਾਨ ਤੇ ਸੰਘਣੇ ਬੱਦਲ ਛਾਏ ਹੋਏ ਸਨ ਅਤੇ ਦੁਪਹਿਰ ਕਰੀਬ ਡੇਢ ਵਜੇ ਹੋਈ ਜ਼ੋਰਦਾਰ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਬਾਰਿਸ਼ ਹੋਣ ਮਗਰੋਂ ਵੱਧੋ-ਵੱਧ ਤਾਪਮਾਨ 32 ਡਿਗਰੀ ਅਤੇ ਘੱਟੋ-ਘੱਟ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਇਸ ਤੋਂ ਪਹਿਲਾਂ ਤਾਪਮਾਨ 33 ਡਿਗਰੀ ਤੱਕ ਸੀ। ਕਰੀਬ ਇੱਕ ਘੰਟਾ ਹੋਈ ਬਾਰਿਸ਼ ਨੇ ਸਾਰੇ ਸ਼ਹਿਰ ਨੂੰ ਝੀਲ ਵਿੱਚ ਤਬਦੀਲ ਕਰ ਦਿੱਤਾ।
ਸ਼ਹਿਰ ਦੇ ਮਹਿਲ ਮੁਬਾਰਕ ਕਾਲੋਨੀ, ਸਿਵਲ ਹਸਪਤਾਲ, ਕੌਲਾ ਪਾਰਕ, ਗੁਰੂ ਨਾਨਕ ਕਾਲੋਨੀ, ਪ੍ਰੇਮ ਬਸਤੀ, ਐਕਸਚੇਂਜ ਰੋਡ, ਕਲੱਬ ਰੋਡ, ਨਾਭਾ ਗੇਟ, ਹਾਊਸਿੰਗ ਬੋਰਡ ਕਾਲੋਨੀ, ਗੁਰੂ ਨਾਨਕ ਕਲੋਨੀ, ਰਾਮ ਬਸਤੀ ਸਮੇਤ ਹੋਰਨਾਂ ਕਈ ਥਾਵਾਂ ਤੇ ਬਾਰਿਸ਼ ਦਾ ਪਾਣੀ ਭਰ ਗਿਆ। ਸਭ ਤੋਂ ਬੁਰਾ ਹਾਲ ਬੱਸ ਸਟੈਂਡ ਕੋਲ ਧੂਰੀ ਗੇਟ ਬਾਜ਼ਾਰ ’ਚ ਵੇਖਣ ਨੂੰ ਮਿਲਿਆ। ਇੱਥੋ ਦਾ ਥਾਂ ਨੀਵਾਂ ਹੋਣ ਕਾਰਨ ਕਰੀਬ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰ ਗਿਆ। ਅਜਿਹੇ ਵਿੱਚ ਇੱਥੋਂ ਦੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦੀਆਂ ਸਮੱਸਿਆਵਾਂ ਵਧ ਗਈਆਂ। ਆਮ ਦਿਨਾਂ ਵਿੱਚ ਪਹਿਲਾਂ ਹੀ ਇੱਥੇ ਸੀਵਰੇਜ ਜਾਮ ਦੀ ਸਮੱਸਿਆ ਹਰ ਸਮੇ ਬਣੀ ਰਹਿੰਦੀ ਹੈ, ਪ੍ਰੰਤੂ ਬਾਰਿਸ਼ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ।
ਬਾਰਿਸ਼ ਦੇ ਭਰੇ ਪਾਣੀ ਨੂੰ ਨਿਕਲਣ ਵਿੱਚ ਕਈ ਘੰਟੇ ਦਾ ਸਮਾਂ ਲੱਗਾ। ਅਜਿਹੇ ਵਿੱਚ ਲੋਕ ਬਾਰਿਸ਼ ਦੇ ਪਾਣੀ ਵਿੱਚੋ ਲੰਘਦੇ ਹੋਏ ਨਗਰ ਕੌਸਲ ਦੀ ਕਾਰਗੁਜ਼ਾਰੀ ਨੂੰ ਕੋਸਦੇ ਵੇਖੇ ਗਏ। ਕਈ ਦੋ ਪਹੀਆ ਵਾਹਨ ਵੀ ਭਰੇ ਪਾਣੀ ਵਿੱਚ ਬੰਦ ਹੋ ਗਏ ਅਤੇ ਲੋਕ ਉਨ੍ਹਾਂ ਨੂੰ ਖਿੱਚਦੇ ਨਜ਼ਰ ਆਏ। ਧੂਰੀ ਗੇਟ ਬਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇਕਰ ਇੱਕ ਘੰਟੇ ਦੀ ਬਾਰਿਸ਼ ਨਾਲ ਹੀ ਇਹ ਹਾਲ ਹੈ ਤਾਂ ਸੋਚੋ ਜੇਕਰ ਦੋ ਚਾਰ ਘੰਟੇ ਬਾਰਿਸ਼ ਹੁੰਦੀ ਤਾਂ ਕੀ ਹਾਲ ਹੋਣਾ ਸੀ। ਉਨ੍ਹਾਂ ਕਿਹਾ ਕਿ ਅਕਸਰ ਇੱਥੇ ਸੀਵਰੇਜ ਜਾਮ ਦੀ ਸਮੱਸਿਆ ਬਣੀ ਰਹਿਣ ਕਾਰਨ ਉਨ੍ਹਾਂ ਦਾ ਕੰਮਕਾਜ ਪਹਿਲਾਂ ਹੀ ਪ੍ਰਭਾਵਿਤ ਹੋਇਆ ਰਹਿੰਦਾ ਹੈ ਅਤੇ ਬਾਰਿਸ਼ ਹੋਣ ਤੇ ਕੰਮ ਬਿਲਕੁਲ ਹੀ ਠੱਪ ਪੈ ਜਾਂਦਾ ਹੈ। ਇਸਤੋ ਇਲਾਵਾ ਕਈ ਨਿਚਲੇ ਥਾਵਾਂ ਤੇ ਦੁਕਾਨਾਂ ਅਤੇ ਘਰਾਂ ਵਿੱਚ ਵੀ ਬਾਰਿਸ਼ ਦਾ ਪਾਣੀ ਪ੍ਰਵੇਸ਼ ਕਰ ਗਿਆ।