ਗੁਲਜ਼ਾਰ ਸਿੰਘ ਦੀ ਮੌਤ ਨੂੰ ‘ਛੋਟੀ-ਮੋਟੀ ਘਟਨਾ’ ਦੱਸਣਾ ਮੰਦਭਾਗਾ ਗੁਲਜ਼ਾਰ ਸਿੰਘ ਦੀ ਮੌਤ ਨੂੰ ‘ਛੋਟੀ-ਮੋਟੀ ਘਟਨਾ’ ਦੱਸਣਾ ਮੰਦਭਾਗਾ
Publish Date: Wed, 16 Sep 2026 04:21 PM (IST)
Updated Date: Thu, 17 Sep 2026 04:02 AM (IST)
.ਮੁੱਖ ਮੰਤਰੀ ਦੀ ਟਿੱਪਣੀ ’ਤੇ ਕਾਂਗਰਸੀ ਤੇ ਅਕਾਲੀ ਆਗੂਆਂ ਨੇ ਚੁੱਕੇ ਸਵਾਲ, ਨਿਰਪੱਖ ਜਾਂਚ ਤੇ ਜਵਾਬਦੇਹੀ ਦੀ ਕੀਤੀ ਮੰਗ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿੰਡ ਤੂਰਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਮੌਤ ਨੂੰ ਲੈ ਕੇ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਕਥਿਤ ‘ਛੋਟੀ-ਮੋਟੀ ਘਟਨਾ’ ਵਾਲੀ ਟਿੱਪਣੀ ’ਤੇ ਕਾਂਗਰਸ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਯੂਥ ਆਗੂ ਕਮਲਜੀਤ ਸਿੰਘ ਚੱਕ, ਐੱਸਸੀ ਡਿਪਾਰਟਮੈਂਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਅਤੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸੇ ਪਰਿਵਾਰ ਦੇ ਜੀਅ ਦੀ ਮੌਤ ਨੂੰ ‘ਛੋਟੀ-ਮੋਟੀ ਘਟਨਾ’ ਆਖਣਾ ਪੀੜਤ ਪਰਿਵਾਰ ਦੇ ਦੁੱਖ ਨੂੰ ਅਣਦੇਖਾ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠੇ ਵਿਅਕਤੀ ਤੋਂ ਅਜਿਹੀ ਟਿੱਪਣੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਗੁਲਜ਼ਾਰ ਸਿੰਘ ਸਿਰਫ਼ ਇਕ ਨਾਮ ਨਹੀਂ ਸੀ ਆਗੂਆਂ ਨੇ ਕਿਹਾ ਕਿ ਗੁਲਜ਼ਾਰ ਸਿੰਘ ਕਿਸੇ ਦਾ ਪੁੱਤਰ, ਕਿਸੇ ਦਾ ਭਰਾ ਅਤੇ ਇਕ ਪਰਿਵਾਰ ਦਾ ਕਮਾਉਂਦਾ ਜੀਅ ਸੀ। ਉਸ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਅਤੇ ਇਸ ਨਾਲ ਜੁੜੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਵਿਅਕਤੀ, ਅਧਿਕਾਰੀ ਜਾਂ ਹੋਰ ਜ਼ਿੰਮੇਵਾਰ ਧਿਰ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਪੀੜਤ ਪਰਿਵਾਰ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਅਨੁਸੂਚਿਤ ਜਾਤੀ ਪਰਿਵਾਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਆਗੂਆਂ ਨੇ ਕਿਹਾ ਕਿ ਗੁਲਜ਼ਾਰ ਸਿੰਘ ਅਨੁਸੂਚਿਤ ਜਾਤੀ ਸਮਾਜ ਨਾਲ ਸਬੰਧਤ ਸੀ। ਇਸ ਲਈ ਉਸ ਦੀ ਮੌਤ ਨਾਲ ਜੁੜੇ ਸਵਾਲਾਂ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਨਾਗਰਿਕ ਨੂੰ ਬਰਾਬਰ ਇਨਸਾਫ਼ ਮਿਲੇ ਅਤੇ ਕਿਸੇ ਵੀ ਪਰਿਵਾਰ ਨੂੰ ਆਪਣੀਆਂ ਮੰਗਾਂ ਲਈ ਦਰ-ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਮੁੱਖ ਮੰਤਰੀ ਤੋਂ ਜਵਾਬਤਲਬੀ, ਸਰਕਾਰ ਦੀ ਜਵਾਬਦੇਹੀ ’ਤੇ ਸਵਾਲ ਉਪਰੋਕਤ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਧੀ ਜਵਾਬਤਲਬੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਦੇ ਦੁੱਖਾਂ ਪ੍ਰਤੀ ਸਰਕਾਰ ਦੀ ਸੋਚ ਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਸੇ ਪਰਿਵਾਰ ਦਾ ਜੀਅ ਆਪਣੀ ਜ਼ਿੰਦਗੀ ਗੁਆ ਬੈਠੇ ਤਾਂ ਕੀ ਉਸ ਦੀ ਮੌਤ ਨੂੰ ਛੋਟੀ-ਮੋਟੀ ਘਟਨਾ ਕਹਿ ਕੇ ਮਾਮਲਾ ਖ਼ਤਮ ਕੀਤਾ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਰਫ਼ ਕਿਸੇ ਇਕ ਸਿਆਸੀ ਪਾਰਟੀ ਦੇ ਆਗੂ ਨਹੀਂ ਹੁੰਦੇ, ਸਗੋਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਹਨ। ਇਸ ਲਈ ਉਨ੍ਹਾਂ ਦੇ ਹਰ ਬਿਆਨ ਦੀ ਮਹੱਤਤਾ ਹੁੰਦੀ ਹੈ। ਆਗੂਆਂ ਮੁਤਾਬਕ ਅਜਿਹੀ ਟਿੱਪਣੀ ਨਾਲ ਪੀੜਤ ਪਰਿਵਾਰ ਨੂੰ ਇਹ ਮਹਿਸੂਸ ਹੋ ਸਕਦਾ ਹੈ ਕਿ ਉਸ ਦੇ ਦੁੱਖ ਅਤੇ ਇਨਸਾਫ਼ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਛੋਟਾ ਸਮਝਣਾ ਨਹੀਂ, ਸਗੋਂ ਪੀੜਤ ਪਰਿਵਾਰ ਨੂੰ ਇਨਸਾਫ਼ ਤੇ ਭਰੋਸਾ ਦੇਣਾ ਹੈ।