- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਾਰ ਖੁਰਦ ਦਾ ਸਕੂਲ ਹੋਇਆ ਅਪਗਰੇਡ- ਅਮਨ ਅਰੋੜਾ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਕੁਲਾਰ ਖੁਰਦ ਦਾ ਸਰਕਾਰੀ ਸਕੂਲ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਵਜੋਂ ਅਪਗ੍ਰੇਡ ਕਰ ਦਿੱਤਾ ਗਿਆ ਹੈ। ਸਕੂਲ ਨੂੰ ਅਪਗ੍ਰੇਡ ਕਰਨ ਸਬੰਧੀ ਸਰਕਾਰ ਵੱਲੋਂ ਪ੍ਰਾਪਤ ਮਨਜ਼ੂਰੀ ਦਾ ਪੱਤਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਦੀ ਪੰਚਾਇਤ, ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਸੌਂਪਿਆ ਗਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਾ ਸਰਕਾਰ ਦੀ ਮੁੱਢਲੀ ਤਰਜੀਹ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਨੀਟ ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਨੂੰ ਸੀਨੀਅਰ ਸੈਕੰਡਰੀ ਦਾ ਦਰਜਾ ਮਿਲਣ ਦੇ ਨਾਲ ਹੁਣ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਮਾਪਿਆਂ ਅਤੇ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਬੱਚਿਆਂ ਦੀ ਪੜ੍ਹਾਈ ਵਿੱਚ ਇੰਨੀ ਮਿਹਨਤ ਕੀਤੀ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਕੁਲਾਰ ਖੁਰਦ ਦੇ ਇਸ ਸਕੂਲ ਦੇ ਵਿਦਿਆਰਥੀ ਪੂਰੇ ਪੰਜਾਬ ਵਿੱਚ ਮੈਰਿਟ ਸੂਚੀਆਂ ਵਿੱਚ ਸਥਾਨ ਹਾਸਲ ਕਰਨ। ਕੁਲਾਰ ਖੁਰਦ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਸਬੰਧੀ ਮਸਲਾ ਵੀ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਲੋੜੀਂਦੀ ਕਾਰਵਾਈ ਚੱਲ ਰਹੀ ਹੈ ਅਤੇ ਇਸ ਨੂੰ ਵੀ ਜਲਦ ਹੱਲ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਸਬੰਧੀ ਉੱਠ ਰਹੇ ਸਵਾਲਾਂ ’ਤੇ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਭਰਤੀਆਂ ਪਾਰਦਰਸ਼ੀ, ਨਿਰਪੱਖ ਅਤੇ ਮੈਰਿਟ ਦੇ ਆਧਾਰ ’ਤੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਇੱਕ ਹੈ ਅਤੇ ਸੰਵਿਧਾਨ ਅਨੁਸਾਰ ਦੇਸ਼ ਦੇ ਨਾਗਰਿਕਾਂ ਨੂੰ ਵੱਖ-ਵੱਖ ਸੂਬਿਆਂ ਵਿੱਚ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਇਸ ਲਈ ਪੰਜਾਬ ਨੂੰ ਬਾਕੀ ਦੇਸ਼ ਤੋਂ ਅਲੱਗ ਕਰਨ ਵਾਲੀ ਸੋਚ ਠੀਕ ਨਹੀਂ ਹੈ। ਪਰ ਇਸ ਦੇ ਨਾਲ ਹੀ ਪੰਜਾਬ ਦੀ ਭਾਸ਼ਾ, ਸੱਭਿਆਚਾਰ ਅਤੇ ਸਥਾਨਕ ਲੋੜਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸਰਪੰਚ ਹਰਿੰਦਰ ਸਿੰਘ, ਪੰਚ ਸੁਰਜੀਤ ਸਿੰਘ ਫੌਜੀ, ਮਨਿੰਦਰ ਸਿੰਘ ਲੈਕਚਰਾਰ, ਮਨਜੀਤ ਸਿੰਘ ਨੰਬਰਦਾਰ, ਸੰਦੀਪ ਸਿੱਧੂ, ਮਨਿੰਦਰ ਸਿੰਘ ਪ੍ਰਧਾਨ, ਜਸਵੀਰ ਸਿੰਘ ਕਾਲਾ, ਹਰਵਿੰਦਰ ਸਿੰਘ ਲਾਡੀ, ਲਖਵਿੰਦਰ ਸਿੰਘ ਚੰਨਾ, ਦਰਸ਼ਨ ਸਿੰਘ, ਸ਼ਿੰਗਾਰਾ ਸਿੰਘ ਚਹਿਲ, ਕੁਲਦੀਪ ਸਿੰਘ ਬਲਾਕ ਸਮਿਤੀ ਮੈਂਬਰ, ਬਲਾਕ ਪ੍ਰਧਾਨ ਦੀਪ ਸਰਪੰਚ ਕਨੋਈ , ਸਟੇਜ ਸਕੱਤਰ ਮਨਜੀਤ ਸਿੰਘ ਹਾਜ਼ਰ ਸਨ।