- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਵਲ ‘ਹਵਾਲਾਤ’ ਤੇ ਕਰਵਾਇਆ ਗੋਸ਼ਟੀ ਸਮਾਗਮ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਮਾਲਵਾ ਲਿਖਾਰੀ ਸਭਾ ਵੱਲੋਂ ਲੇਖਕ ਭਵਨ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਸਵਿੰਦਰ ਸਿੰਘ ਛਿੰਦਾ ਦੇ ਚਰਚਿਤ ਨਾਵਲ ‘ਹਵਾਲਾਤ’ ਉੱਪਰ ਗੋਸ਼ਟੀ ਕਰਵਾਈ ਗਈ। ਨਾਵਲ ਸਬੰਧੀ ਪੜ੍ਹੇ ਗਏ ਆਪਣੇ ਖੋਜਪੂਰਨ ਪਰਚੇ ਵਿੱਚ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਨਾਵਲ ਵਿੱਚ ਪੰਜਾਬ ਦੇ ਕਾਲੇ ਦੌਰ ਦਾ ਗਵਾਹ ਬਣ ਕੇ ਯਥਾਰਥਕ ਬਿਰਤਾਂਤ ਸਿਰਜਣ ਦੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਡਾ. ਤੇਜਾ ਸਿੰਘ ਤਿਲਕ ਨੇ ਕਿਹਾ ਕਿ ਨਾਵਲ ਵਿੱਚ ਪੁਲਿਸ ਰਾਜ ਦੀਆਂ ਅਣਮਨੁੱਖੀ ਕਾਰਵਾਈਆਂ ਨੂੰ ਬੜੀ ਬਾਰੀਕੀ ਨਾਲ ਬਿਆਨ ਕੀਤਾ ਗਿਆ ਹੈ। ਡਾ. ਮੀਤ ਖਟੜਾ ਨੇ ਕਿਹਾ ਕਿ ਇਹ ਨਾਵਲ ਖਾੜਕੂਵਾਦ ਸਮੇਂ ਲੇਖਕ ਦਾ ਹਵਾਲਾਤ ’ਚ ਹੱਡੀਂ ਹੰਢਾਇਆ ਦਰਦ ਹੈ। ਡਾ. ਮਨੀਸ਼ਾ ਰਾਣੀ ਨੇ ਕਿਹਾ ਕਿ ਨਾਵਲ ’ਚ ਖਾੜਕੂਵਾਦ ਦੇ ਸਮੇਂ ਦਾ ਨਿਰਪੱਖ ਢੰਗ ਨਾਲ ਚਿੱਤਰਣ ਕੀਤਾ ਗਿਆ ਹੈ। ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਕਿਹਾ ਕਿ ਖਾੜਕੂਵਾਦ ਦੇ ਦੌਰ ਬਾਰੇ ਲਿਖਿਆ ਇਹ ਨਾਵਲ ਅਜੋਕੇ ਸਮੇਂ ਵਿੱਚ ਵੀ ਉਨਾ ਹੀ ਸਾਰਥਿਕ ਹੈ। ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕੀਤੀਆਂ ਅਤੇ ਸਭਾ ਵੱਲੋਂ ਉਨ੍ਹਾਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਰੇਲਵੇ ਸਟੇਸ਼ਨਾਂ, ਹਸਪਤਾਲਾਂ, ਦੁਕਾਨਾਂ ਦੇ ਨਾਵਾਂ ਵਾਲੇ ਬੋਰਡ ਅਤੇ ਬਿਜਲੀ ਦੇ ਬਿਲ ਪੰਜਾਬੀ ਵਿੱਚ ਕਰਵਾਉਣ ਲਈ ਰਮੇਸ਼ਵਰ ਸਿੰਘ ਦੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਹਾਜ਼ਰ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪਤਨੀ ਪੁਸ਼ਪਾ ਸ਼ਰਮਾ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।