ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਦੀ ਹੜਤਾਲ, 55 ਕਲੀਨਿਕਾਂ ਦੀਆਂ ਸੇਵਾਵਾਂ ਠੱਪ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, 55 ਕਲੀਨਿਕਾਂ ਦੀਆਂ ਸੇਵਾਵਾਂ ਠੱਪ
Publish Date: Mon, 27 Jul 2026 06:04 PM (IST)
Updated Date: Tue, 28 Jul 2026 04:04 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਮ ਆਦਮੀ ਕਲੀਨਿਕ ਸਾਂਝਾ ਫਰੰਟ ਦੀ ਅਗਵਾਈ ਹੇਠ ਮੈਡੀਕਲ ਅਫ਼ਸਰਾਂ (ਡਾਕਟਰਾਂ), ਫਾਰਮਾਸਿਸਟਾਂ ਅਤੇ ਕਲੀਨਿਕ ਅਸਿਸਟੈਂਟਾਂ ਨੇ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਕਾਰਨ ਜ਼ਿਲ੍ਹੇ ਵਿੱਚ ਚੱਲ ਰਹੇ ਕਰੀਬ 55 ਆਮ ਆਦਮੀ ਕਲੀਨਿਕਾਂ ਦੀਆਂ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਹਨ। ਘਰਾਂ ਦੇ ਨੇੜੇ ਮੁਫ਼ਤ ਇਲਾਜ ਅਤੇ ਦਵਾਈਆਂ ਦੀ ਸਹੂਲਤ ਵੀ ਅਣਮਿੱਥੇ ਸਮੇਂ ਲਈ ਬੰਦ ਹੋ ਗਈ ਹੈ। ਜ਼ਿਲ੍ਹੇ ਦੇ 55 ਕਲੀਨਿਕਾਂ ਦੇ ਕਰੀਬ 165 ਮੁਲਾਜ਼ਮਾਂ ਦੇ ਹੜਤਾਲ ਤੇ ਜਾਣ ਕਾਰਨ ਰੋਜ਼ਾਨਾ ਓਪੀਡੀ ਲਈ ਆਉਣ ਵਾਲੇ 3,000 ਤੋਂ 3,500 ਮਰੀਜ਼ਾਂ ਨੂੰ ਸੋਮਵਾਰ ਨੂੰ ਬਿਨਾਂ ਜਾਂਚ ਅਤੇ ਦਵਾਈਆਂ ਦੇ ਹੀ ਵਾਪਸ ਪਰਤਣਾ ਪਿਆ। ਸਵੇਰ ਤੋਂ ਹੀ ਮਰੀਜ਼ ਦਵਾਈਆਂ ਅਤੇ ਇਲਾਜ ਲਈ ਕਲੀਨਿਕਾਂ ਵਿੱਚ ਪਹੁੰਚੇ, ਪਰ ਹੜਤਾਲ ਕਾਰਨ ਮੌਜੂਦ ਸਹਾਇਕ ਕਰਮਚਾਰੀਆਂ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਦੂਜੇ ਪਾਸੇ, ਆਮ ਆਦਮੀ ਕਲੀਨਿਕਾਂ ਵਿੱਚ ਸੇਵਾ ਨਿਭਾ ਰਹੇ ਮੈਡੀਕਲ ਅਫ਼ਸਰਾਂ, ਫਾਰਮਾਸਿਸਟਾਂ ਅਤੇ ਕਲੀਨਿਕ ਅਸਿਸਟੈਂਟਾਂ ਨੇ ਸਿਵਲ ਸਰਜਨ ਦਫ਼ਤਰ ਦੇ ਪਾਰਕਿੰਗ ਸਥਾਨ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਧਰਨਾ ਦਿੱਤਾ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਧਰਨੇ ਦੌਰਾਨ ਡਾ. ਇੰਦਰਜੀਤ ਸਿੰਗਲਾ, ਡਾ. ਦਿਲਬਾਗ ਸਿੰਘ, ਫਾਰਮਾਸਿਸਟ ਵਿਸ਼ਾਲ ਕੁਮਾਰ ਘਰਾਚੋਂ ਅਤੇ ਕਲੀਨਿਕ ਅਸਿਸਟੈਂਟ ਜਸਵੀਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 55 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਹਾਲ ਹੀ ਵਿੱਚ ਸੱਤ ਨਵੇਂ ਕਲੀਨਿਕ ਵੀ ਸ਼ੁਰੂ ਕੀਤੇ ਗਏ ਹਨ। ਇਸ ਦੇ ਬਾਵਜੂਦ ਕਰਮਚਾਰੀਆਂ ਦੀਆਂ ਕਈ ਅਹਿਮ ਮੰਗਾਂ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇੰਪੈਨਲਮੈਂਟ ਪ੍ਰਣਾਲੀ ਖਤਮ ਕਰਕੇ ਸਾਰੇ ਮੈਡੀਕਲ ਅਫ਼ਸਰਾਂ, ਫਾਰਮਾਸਿਸਟਾਂ ਅਤੇ ਕਲੀਨਿਕ ਅਸਿਸਟੈਂਟਾਂ ਨੂੰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਨਿਯਮਤ ਕੀਤਾ ਜਾਵੇ। ਇਸ ਤੋਂ ਇਲਾਵਾ ਮੈਡੀਕਲ ਅਫ਼ਸਰਾਂ ਨੂੰ ਪ੍ਰਤੀ ਮਰੀਜ਼ 80 ਰੁਪਏ, ਫਾਰਮਾਸਿਸਟਾਂ ਨੂੰ 30 ਰੁਪਏ ਅਤੇ ਕਲੀਨਿਕ ਅਸਿਸਟੈਂਟਾਂ ਨੂੰ 25 ਰੁਪਏ ਦਿੱਤੇ ਜਾਣ। ਇਸ ਵੇਲੇ ਇਹ ਰਕਮ ਕ੍ਰਮਵਾਰ50, 12 ਅਤੇ 11 ਰੁਪਏ ਹੈ। ਉਨ੍ਹਾਂ ਮੰਗ ਕੀਤੀ ਕਿ ਕਲੀਨਿਕ ਅਸਿਸਟੈਂਟਾਂ ਦੀ ਵਿੱਦਿਅਕ ਯੋਗਤਾ ਏਐਨਐਮ ਹੋਣ ਕਾਰਨ ਉਨ੍ਹਾਂ ਨੂੰ ਏਐਨਐਮ ਦਾ ਅਹੁਦਾ ਅਤੇ ਦਰਜਾ ਦਿੱਤਾ ਜਾਵੇ। ਭਵਿੱਖ ਵਿੱਚ ਨਿਕਲਣ ਵਾਲੀਆਂ ਸਰਕਾਰੀ ਭਰਤੀਆਂ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਸੇਵਾ ਨਿਭਾ ਰਹੇ ਮੈਡੀਕਲ ਅਫ਼ਸਰਾਂ, ਫਾਰਮਾਸਿਸਟਾਂ ਅਤੇ ਕਲੀਨਿਕ ਅਸਿਸਟੈਂਟਾਂ ਨੂੰ ਤਜਰਬੇ ਦੇ ਅੰਕ ਅਤੇ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇ। ਇਸ ਤੋਂ ਇਲਾਵਾ ਹਰ ਸਾਲ 15 ਕੈਜ਼ੂਅਲ ਛੁੱਟੀਆਂ (ਸੀਐਲ)ਅਤੇ ਮੈਡੀਕਲ ਛੁੱਟੀਆਂ ਦੀ ਸਹੂਲਤ ਵੀ ਦਿੱਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ।