ਬਜ਼ੁਰਗ ਔਰਤ ਤੋਂ ਸੋਨੇ ਦੀਆਂ ਵਾਲੀਆਂ ਤੇ 50 ਹਜ਼ਾਰ ਰੁਪਏ ਲੁੱਟੇ ਬਜ਼ੁਰਗ ਔਰਤ ਤੋਂ ਸੋਨੇ ਦੀਆਂ ਵਾਲੀਆਂ ਤੇ 50 ਹਜ਼ਾਰ ਰੁਪਏ ਲੁੱਟੇ
Publish Date: Sat, 18 Jul 2026 04:49 PM (IST)
Updated Date: Sun, 19 Jul 2026 04:02 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਸ਼ਹਿਰ ’ਚ ਸ਼ਨਿੱਚਰਵਾਰ ਸਵੇਰੇ ਇਕ ਬਜ਼ੁਰਗ ਔਰਤ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਤੇ ਸ਼ਾਤਿਰ ਲੋਕਾਂ ਨੇ ਉਸ ਕੋਲੋਂ 2 ਤੋਲੇ ਸੋਨਾ ਤੇ 50 ਹਜ਼ਾਰ ਰੁਪਏ ਲੁੱਟ ਲੈ ਗਏ। ਮਾਤਾ ਸੁਖਚੈਨ ਕੌਰ ਸਵੇਰੇ 8 ਵਜੇ ਖਨੌਰੀ ਬੱਸ ਸਟੈਂਡ ’ਤੇ ਪਟਿਆਲੇ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਉੱਥੇ ਪਹਿਲਾਂ ਤੋਂ ਬੈਠੀ ਇੱਕ ਔਰਤ ਨੇ ਗੱਲਬਾਤ ਕਰਕੇ ਉਨ੍ਹਾਂ ਨਾਲ ਜਾਣ-ਪਛਾਣ ਬਣਾਈ। ਕੁਝ ਸਮੇਂ ਬਾਅਦ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਉੱਥੇ ਆ ਕੇ ਰੁਕੀ, ਜਿਸ ਵਿੱਚ ਇੱਕ ਹੋਰ ਔਰਤ ਸਵਾਰ ਸੀ। ਦੋਵਾਂ ਨੇ ਮਾਤਾ ਨੂੰ ਭਰੋਸਾ ਦਿਵਾਇਆ ਕਿ ਉਹ ਵੀ ਪਟਿਆਲੇ ਹੀ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਰਸਤੇ ’ਚ ਛੱਡ ਦੇਣਗੀਆਂ। ਭਰੋਸੇ ਕਰਕੇ ਮਾਤਾ ਸੁਖਚੈਨ ਕੌਰ ਗੱਡੀ ’ਚ ਬੈਠ ਗਏ ਪਰ ਕੁਝ ਹੀ ਦੂਰੀ ’ਤੇ ਕਾਰ ਨੂੰ ਪਟਿਆਲੇ ਦੀ ਬਜਾਏ ਨਰਵਾਣਾ ਵੱਲ ਮੋੜ ਦਿੱਤਾ ਗਿਆ। ਜਦੋਂ ਬਜ਼ੁਰਗ ਮਾਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਇੱਕ ਔਰਤ ਨੇ ਉਨ੍ਹਾਂ ਨੂੰ ਜੱਫਾ ਮਾਰ ਕੇ ਕਾਬੂ ਕਰ ਲਿਆ, ਜਦਕਿ ਦੂਜੀ ਨੇ ਉਨ੍ਹਾਂ ਦੇ ਕੰਨਾਂ ’ਚ ਪਾਈਆਂ ਕਰੀਬ 2 ਤੋਲੇ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ। ਇਸ ਦੇ ਨਾਲ ਹੀ ਬੈਗ ’ਚ ਰੱਖੇ 50 ਹਜ਼ਾਰ ਰੁਪਏ, ਜੋ ਦਵਾਈ ਦੇ ਇਲਾਜ ਲਈ ਲੈ ਕੇ ਜਾ ਰਹੇ ਸਨ, ਉਹ ਵੀ ਖੋਹ ਲਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਔਰਤਾਂ ਬਜ਼ੁਰਗ ਮਾਤਾ ਨੂੰ ਖਨੌਰੀ-ਨਰਵਾਣਾ ਰੋਡ ਤੇ ਅੱਗੇ ਪਿੰਡ ਢਾਬੀ ਗੁੱਜਰਾਂ ਨੇੜੇ ਸੁੱਟ ਕੇ ਫਰਾਰ ਹੋ ਗਏ। ਕੁਝ ਸਮੇਂ ਬਾਅਦ ਉੱਥੋਂ ਲੰਘ ਰਹੇ ਇੱਕ ਵਿਅਕਤੀ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਸੁਰੱਖਿਅਤ ਘਰ ਪਹੁੰਚਾਇਆ ਪੀੜਤ ਬਜ਼ੁਰਗ ਮਾਤਾ ਦੇ ਭਤੀਜੇ ਹਰਭਜਨ ਸਿੰਘ ਸੰਧੂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਖਨੌਰੀ ਪੁਲਿਸ ਨਾਲ ਸੰਪਰਕ ਕੀਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐੱਸਐੱਚਓ ਖਨੌਰੀ ਸਬ ਇੰਸਪੈਕਟਰ ਯੋਗੇਸ਼ ਗਰਗ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਖੁਦ ਮੌਕੇ ’ਤੇ ਪਹੁੰਚ ਗਏ ਸਨ। ਪੁਲਿਸ ਦੀਆਂ ਵੱਖ-ਵੱਖ ਪਾਰਟੀਆਂ ਤਕਨੀਕੀ ਸਾਧਨਾਂ ਦੇ ਆਧਾਰ ’ਤੇ ਤਫਤੀਸ਼ ਕਰ ਰਹੀਆਂ ਹਨ। ਜਲਦੀ ਹੀ ਪੁਲਿਸ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ।