ਖੇਤ ਬਚਾਓ ਮੁਹਿੰਮ ਤਹਿਤ ਸਰਪੰਚ ਕਾਨਫਰੰਸ ਖੇਤ ਬਚਾਓ ਅਭਿਆਨ’ ਤਹਿਤ ਸਰਪੰਚ ਕਾਨਫਰੰਸ
Publish Date: Thu, 02 Jul 2026 05:21 PM (IST)
Updated Date: Fri, 03 Jul 2026 04:08 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ‘ਖੇਤ ਬਚਾਓ ਮੁਹਿੰਮ’ ਤਹਿਤ ਕੇਵੀਕੇ ਸੰਗਰੂਰ ਵਿੱਚ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਅਗਾਂਹਵਧੂ ਕਿਸਾਨਾਂ ਲਈ ਇੱਕ ਵਿਸ਼ੇਸ਼ ਕਾਨਫਰੰਸ ਕੀਤੀ ਗਈ। ਪੀਏਯੂ ਕੇਵੀਕੇ ਦੇ ਇੰਚਾਰਜ ਡਾ. ਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦਾ ਮਕਸਦ ਪਿੰਡਾਂ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਮਿੱਟੀ ਸਿਹਤ ਪ੍ਰਬੰਧਨ ਅਤੇ ਆਧੁਨਿਕ ਖੇਤੀ ਤਕਨੀਕਾਂ ਪ੍ਰਤੀ ਜਾਗਰੂਕ ਕਰਨਾ ਸੀ। ਡਾ. ਮਨਦੀਪ ਸਿੰਘ ਨੇ ‘ਖੇਤ ਬਚਾਓ ਮੁਹਿੰਮ’ ਦੇ ਉਦੇਸ਼ਾਂ ਤੇ ਵਿਗਿਆਨਕ ਪੋਸ਼ਕ ਤੱਤ ਪ੍ਰਬੰਧਨ ਵਿੱਚ ਇਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਸਾਨਾਂ ਨੂੰ ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਖਾਦਾਂ ਪਾਉਣ ਤੇ ਲੰਬੇ ਸਮੇਂ ਲਈ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਰਸਾਇਣਕ ਤੇ ਜੈਵਿਕ ਖਾਦਾਂ ਦੀ ਮਿਲਵੀਂ ਵਰਤੋਂ ਅਪਣਾਉਣ ਦੀ ਅਪੀਲ ਕੀਤੀ। ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ, ਫਸਲ ਵਿਗਿਆਨ ਨੇ ਮਿੱਟੀ ਅਤੇ ਪਾਣੀ ਦੀ ਜਾਂਚ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮਿੱਟੀ ਅਤੇ ਸਿੰਚਾਈ ਵਾਲੇ ਪਾਣੀ ਦੇ ਨਮੂਨੇ ਲੈਣ ਦਾ ਵਿਗਿਆਨਕ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਵਿੱਚ ਫਾਸਫੋਰਸ ਖਾਦਾਂ ਮਿੱਟੀ ਪਰਖ ਸਿਫਾਰਸ਼ਾਂ ਅਨੁਸਾਰ ਹੀ ਪਾਉਣ ਬਾਰੇ ਸੁਝਾਅ ਦਿੱਤੇ, ਤਾਂ ਜੋ ਝਾੜ ’ਤੇ ਅਸਰ ਪਾਏ ਬਿਨਾਂ ਖੇਤੀ ਲਾਗਤ ਘਟਾਈ ਜਾ ਸਕੇ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ, ਫਾਰਮ ਮਸੀਨਰੀ ਨੇ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਨ ਦੀ ਰੱਖਿਆ ਲਈ ਫਸਲਾਂ ਦੀ ਰਹਿੰਦ-ਖੂੰਹਦ ਦੀ ਖੇਤ ਵਿੱਚ ਹੀ ਸੰਭਾਲ ‘ਤੇ ਜ਼ੋਰ ਦਿੱਤਾ। ਕੇ.ਵੀ.ਕੇ ਮਾਹਿਰ ਡਾ. ਰਵਿੰਦਰ ਕੌਰ ਨੇ ਬਾਗਬਾਨੀ ਫਸਲਾਂ ਵਿੱਚ ਪੋਸ਼ਕ ਤੱਤਾਂ ਦੇ ਪ੍ਰਬੰਧਨ ਅਤੇ ਘਰੇਲੂ ਪੱਧਰ ‘ਤੇ ਪੌਸ਼ਟਿਕ ਬਗੀਚੀ ਸਥਾਪਤ ਕਰਨ ਬਾਰੇ ਵਿਹਾਰਕ ਜਾਣਕਾਰੀ ਦਿੱਤੀ। ਇਸ ਮੌਕੇ ਪਿੰਡ ਤੁੰਗਾਂ ਦੇ ਸਰਪੰਚ ਧਰਮਪਾਲ ਸਿੰਘ, ਕੁਲਾਰ ਖੁਰਦ ਦੇ ਸਰਪੰਚ ਹਰਿੰਦਰ ਸਿੰਘ, ਕਨੋਈ ਦੇ ਸਰਪੰਚ ਦੀਪ ਸਿੰਘ ਅਤੇ ਖੇੜੀ ਦੇ ਸਰਪੰਚ ਧਨਵੰਤ ਸਿੰਘ ਤੋਂ ਇਲਾਵਾ ਪੰਚ ਸੁਰਜੀਤ ਸਿੰਘ, ਪਾਲਾ ਸਿੰਘ, ਅਮਰਦੀਪ ਸਿੰਘ, ਸਤਿਗੁਰ ਸਿੰਘ, ਬੇਅੰਤ ਸਿੰਘ, ਕੇਵਲ ਸਿੰਘ, ਪ੍ਰੀਤਇੰਦਰ ਸਿੰਘ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ। ਭਾਗ ਲੈਣ ਵਾਲਿਆਂ ਨੇ ਕੇ.ਵੀ.ਕੇ. ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਖੇਤੀਬਾੜੀ ਅਤੇ ਸਬਜ਼ੀਆਂ ਦੀਆਂ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ ਵੱਖ ਵੱਖ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਲਗਾਉਣ ਦੀ ਬੇਨਤੀ ਕੀਤੀ।