ਸਮਾਣਾ ਦੀ ਸਿਆਸਤ ’ਚ ਵੱਡਾ ਫੇਰਬਦਲ ਸਮਾਣਾ ਦੀ ਸਿਆਸਤ ਵਿੱਚ ਵੱਡਾ ਫੇਰਬਦਲ
Publish Date: Fri, 31 Jul 2026 05:36 PM (IST)
Updated Date: Fri, 31 Jul 2026 05:37 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, •ਸਮਾਣਾ : ਸਮਾਣਾ ਹਲਕੇ ਦੀ ਸਿਆਸਤ ਵਿਚ ਉਸ ਵੇਲੇ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਪਟਿਆਲਾ ਬਲਾਕ ਦੀ ਸਰਪੰਚ ਪੰਚਾਇਤ ਯੂਨੀਅਨ ਦੀਆਂ ਨਵੀਆਂ ਕਾਰਜਕਾਰੀ ਟੀਮਾਂ ਦਾ ਗਠਨ ਕੀਤਾ ਗਿਆ। ਪਟਿਆਲਾ ਬਲਾਕ ਵਿਚ ਪੈਂਦੇ ਕਰੀਬ 83 ਪਿੰਡਾਂ ’ਚੋਂ 70 ਪਿੰਡਾਂ ਦੇ ਸਰਪੰਚਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਨਵੀਂ ਯੂਨੀਅਨ ਦਾ ਗਠਨ ਕੀਤਾ ਤੇ ਸਥਾਨਕ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਪੂਰਨ ਤੌਰ ਤੇ ਸਮਰਥਨ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਹਲਕਾ ਸਮਾਣਾ ਵਿਚ ਕਰੀਬ 158 ਪਿੰਡ ਆਉਂਦੇ ਹਨ, ਜਿਨ੍ਹਾਂ ’ਚੋਂ 75 ਪਿੰਡ ਸਮਾਣਾ ਬਲਾਕ ਵਿਚ ਅਤੇ 83 ਪਿੰਡ ਪਟਿਆਲਾ ਬਲਾਕ ਵਿਚ ਪੈਂਦੇ ਹਨ। ਸਮਾਣਾ ਬਲਾਕ ਦੇ 75 ਪਿੰਡਾਂ ’ਚੋਂ 60 ਪਿੰਡਾਂ ਦੇ ਸਰਪੰਚਾਂ ਨੇ ਪਹਿਲਾਂ ਹੀ ਸਰਪੰਚ ਕਮਲਜੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਵਿਧਾਇਕ ਜੋੜਾਮਾਜਰਾ ਦੇ ਹੱਕ ਵਿੱਚ ਡਟਵਾਂ ਸਮਰਥਨ ਦਿੱਤਾ ਹੋਇਆ ਹੈ। ਹੁਣ ਪਟਿਆਲਾ ਬਲਾਕ ਦੇ 83 ’ਚੋਂ 70 ਪਿੰਡਾਂ ਦੇ ਸਰਪੰਚਾਂ ਵੱਲੋਂ ਵੀ ਨਵੇਂ ਚੁਣੇ ਪ੍ਰਧਾਨ ਤਰਲੋਚਨ ਸਿੰਘ ਰੱਖੜਾ ਅਤੇ ਸਰਪ੍ਰਸਤ ਨਰਿੰਦਰ ਸਿੰਘ ਬਰਸਟ ਦੀ ਅਗਵਾਈ ਹੇਠ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਹੱਕ ’ਚ ਆਉਣ ਨਾਲ ਦੋਵਾਂ ਬਲਾਕਾਂ ਦੇ ਕਰੀਬ 158 ਪਿੰਡਾਂ ’ਚੋਂ 130 ਪਿੰਡਾਂ ਦੇ ਸਰਪੰਚਾਂ ਦਾ ਸਮਰਥਨ ਵਿਧਾਇਕ ਨੂੰ ਮਿਲ ਗਿਆ ਹੈ। ਨਵੀਂ ਗਠਿਤ ਕੀਤੀ ਪਟਿਆਲਾ ਬਲਾਕ ਸਰਪੰਚ ਪੰਚਾਇਤ ਯੂਨੀਅਨ ’ਚ ਨਰਿੰਦਰ ਸਿੰਘ ਬਰਸਟ ਨੂੰ ਸਰਪ੍ਰਸਤ, ਤਰਲੋਚਨ ਸਿੰਘ ਰੱਖੜਾ ਨੂੰ ਪ੍ਰਧਾਨ, ਗੁਰਦੀਪ ਕੌਰ ਨੂੰ ਮੀਤ ਪ੍ਰਧਾਨ, ਅਮਨਪ੍ਰੀਤ ਸਿੰਘ ਡਕਾਲਾ ਨੂੰ ਸੈਕਟਰੀ, ਜਗਮਿੰਦਰ ਸਿੰਘ ਕੌਰਜੀਵਾਲਾ ਨੂੰ ਜੁਆਇੰਟ ਸੈਕਰਟਰੀ ਅਤੇ ਗੁਰਵਿੰਦਰ ਸਿੰਘ ਡਰੋਲੀ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਤਾਰ ਸਿੰਘ ਸੇਖੂਪੁਰ, ਅਮਰੀਕ ਸਿੰਘ ਭਾਨਰੀ, ਯਾਦਵਿੰਦਰ ਸਿੰਘ ਪਸਿਆਣਾ, ਲਖਵਿੰਦਰ ਸਿੰਘ ਖੇੜੀਬਰਨਾ ਅਤੇ ਨਰਵਿੰਦਰ ਕੌਰ ਲਲੋਛੀ ਨੂੰ ਯੂਨੀਅਨ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਤਰਲੋਚਨ ਸਿੰਘ ਰੱਖੜਾ ਅਤੇ ਸਰਪ੍ਰਸਤ ਨਰਿੰਦਰ ਸਿੰਘ ਬਰਸਟ ਨੇ ਸਪਸ਼ਟ ਸ਼ਬਦਾਂ ’ਚ ਆਖਿਆ ਕਿ ਉਨ੍ਹਾਂ ਦੀ ਸਰਪੰਚ ਯੂਨੀਅਨ ਪੂਰੀ ਤਰ੍ਹਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਨਾਲ ਹੈ ਅਤੇ ਇਲਾਕੇ ਦੇ ਵਿਕਾਸ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ। ਇਸ ਮੌਕੇ ਸਮਾਣਾ ਬਲਾਕ ਦੇ ਪ੍ਰਧਾਨ ਕਮਲਜੀਤ ਸਿੰਘ ਖਾਨਪੁਰ ਸਮੇਤ ਵੱਡੀ ਗਿਣਤੀ ’ਚ ਹਾਜ਼ਰ ਸਰਪੰਚਾਂ ਤੇ ਪੰਚਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ।