ਪ੍ਰਦੂਸ਼ਣ ਸਾਬਤ ਹੋਇਆ ਤਾਂ ਫੈਕਟਰੀ ਖ਼ੁਦ ਬੰਦ ਕਰ ਦੇਵਾਂਗੇ- ਪੁਸ਼ਪਿੰਦਰ ਸਿੰਘ ਪ੍ਰਦੂਸ਼ਣ ਸਾਬਤ ਹੋਇਆ ਤਾਂ ਫੈਕਟਰੀ ਖ਼ੁਦ ਬੰਦ ਕਰ ਦੇਵਾਂਗੇ- ਪੁਸ਼ਪਿੰਦਰ ਸਿੰਘ
Publish Date: Wed, 30 Sep 2026 04:50 PM (IST)
Updated Date: Thu, 01 Oct 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ/ਸ਼ੇਰਪੁਰ : ਘਨੌਰੀ ਜਹਾਂਗੀਰ ਰੋਡ ਉੱਪਰ ਸਥਿਤ ਹਾਰਪ ਕੈਮੀਕਲਜ਼ ਪ੍ਰਾਈਵੇਟ ਲਿਮੀਟਡ ਫੈਕਟਰੀ ਦੇ ਆਲੇ-ਦੁਆਲੇ ਪ੍ਰਦੂਸ਼ਣ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਫੈਕਟਰੀ ਦੇ ਐਮਡੀ ਪੁਸ਼ਪਿੰਦਰ ਸਿੰਘ ਨੇ ਪ੍ਰਦੂਸ਼ਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਫੈਕਟਰੀ ਵੱਲੋਂ ਨਾ ਤਾਂ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਤੇ ਨਾ ਹੀ ਹਵਾ ਜਾਂ ਧਰਤੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਇੱਕ ਵੀਡੀਓ ਰਾਹੀਂ ਦੱਸਿਆ ਕਿ ਪ੍ਰਦੂਸ਼ਣ ਸਬੰਧੀ ਅਸਲ ਸਥਿਤੀ ਸਾਹਮਣੇ ਲਿਆਉਣ ਲਈ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਨਿਰਪੱਖ ਢੰਗ ਨਾਲ ਸੈਂਪਲਿੰਗ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ 12 ਤਰੀਕ ਨੂੰ ਫੈਕਟਰੀ ਦੇ ਬਾਹਰ ਹੋਏ ਇਕੱਠ ਦੌਰਾਨ ਕੁਝ ਲੋਕਾਂ ਵੱਲੋਂ ਕਮੇਟੀ ਬਣਾਕੇ ਮੁੜ ਸੈਂਪਲਿੰਗ ਕਰਵਾਉਣ ਅਤੇ 15 ਦਿਨਾਂ ਦੇ ਅੰਦਰ ਰਿਪੋਰਟ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਗਈ ਸੀ। ਉਨ੍ਹਾਂ ਕਿਹਾ ਕਿ ਫੈਕਟਰੀ ਪ੍ਰਬੰਧਕਾਂ ਨੇ ਇਸ ਮੰਗ ’ਤੇ ਸਹਿਮਤੀ ਪ੍ਰਗਟਾਈ ਸੀ ਪਰ 15 ਦਿਨ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਨਾ ਕੋਈ ਕਮੇਟੀ ਬਣਾਈ ਗਈ ਅਤੇ ਨਾ ਹੀ ਕਮੇਟੀ ਵੱਲੋਂ ਸੈਂਪਲਿੰਗ ਕਰਵਾਈ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਵੱਲੋਂ ਕਰਵਾਈ ਗਈ ਸੈਂਪਲਿੰਗ ਦੀ ਰਿਪੋਰਟ ਵੀ ਠੀਕ ਆਈ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਖਰਚੇ ’ਤੇ ਫੈਕਟਰੀ ਦੇ ਅੰਦਰ ਅਤੇ ਬਾਹਰ ਨਵੇਂ ਬੋਰ ਕਰਵਾ ਕੇ ਵੱਖ-ਵੱਖ ਥਾਵਾਂ ਤੋਂ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਲਈ ਤਿਆਰ ਹਨ। ਜੇਕਰ ਕਿਸੇ ਵੀ ਸੈਂਪਲ ਵਿੱਚ ਫੈਕਟਰੀ ਕਾਰਨ ਪ੍ਰਦੂਸ਼ਣ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਹ ਖ਼ੁਦ ਫੈਕਟਰੀ ਬੰਦ ਕਰਨ ਲਈ ਤਿਆਰ ਹਨ। ਉਨ੍ਹਾਂ ਧਰਨੇ ’ਤੇ ਬੈਠੀਆਂ ਔਰਤਾਂ ਨੂੰ ਮਾਤਾਵਾਂ ਤੇ ਭੈਣਾਂ ਵਾਂਗ ਸਤਿਕਾਰ ਦਿੰਦਿਆਂ ਕਿਹਾ ਕਿ ਉਹ ਫੈਕਟਰੀ ਦੇ ਅੰਦਰ ਆ ਕੇ ਇਸ ਦੇ ਕੰਮਕਾਜ ਦਾ ਜਾਇਜ਼ਾ ਲੈ ਸਕਦੀਆਂ ਹਨ ਅਤੇ ਚਾਹੁਣ ਤਾਂ ਆਪਣੀ ਵੱਖਰੀ ਕਮੇਟੀ ਬਣਾ ਕੇ ਵੀ ਜਾਂਚ ਕਰ ਸਕਦੀਆਂ ਹਨ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਸੈਂਪਲਿੰਗ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ ਅਤੇ ਮਾਮਲੇ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਿਰਪੱਖ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਨੂੰ ਸਾਰਿਆਂ ਵੱਲੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।