- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤ ਸਿੰਘ ਦੀ ਸੋਚ ਨੂੰ ਸਲਾਮ, ਕਾਮਿਆਂ ਨੇ ਮਨਾਇਆ ਜਨਮ ਦਿਹਾੜਾ

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪੈਪਸੀਕੋ ਵਰਕਰਜ਼ ਯੂਨੀਅਨ (ਏਟਕ) ਚੰਨੋ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਫੈਕਟਰੀ ਦੇ ਕਾਮਿਆਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਫੈਕਟਰੀ ਵਿੱਚ ਤਿੰਨੋਂ ਸ਼ਿਫਟਾਂ ਦੌਰਾਨ ਕੰਮ ਕਰਦੇ ਕਾਮਿਆਂ ਨੇ ਕੰਪਨੀ ਦੇ ਗੇਟ ’ਤੇ ਲੱਗੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਬੋਰਡ ’ਤੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਭੜ੍ਹੋ ਨੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਲਈ ਸੋਚ, ਸਮਝ ਅਤੇ ਵਿਚਾਰਧਾਰਾ ਦਾ ਸਿਰਮੌਰ ਨਾਮ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜ਼ ਹਕੂਮਤ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਅਸੈਂਬਲੀ ਵਿੱਚ ਬੰਬ ਸੁੱਟ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਅੰਗਰੇਜ਼ ਸਰਕਾਰ ਵੱਲੋਂ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟਸ ਐਕਟ ਵਰਗੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਨ੍ਹਾਂ ਦਾ ਸਬੰਧ ਮਜ਼ਦੂਰਾਂ ਅਤੇ ਕਾਮਿਆਂ ਦੇ ਹੱਕਾਂ ਨਾਲ ਵੀ ਸੀ। ਇਸ ਮੌਕੇ ਤਰਕਸ਼ੀਲ ਸੁਸਾਇਟੀ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ ਹੱਥ ਪਰਚਾ ਵੀ ਕਾਮਿਆਂ ਵਿੱਚ ਵੰਡਿਆ ਗਿਆ। ਸਮਾਗਮ ਦੌਰਾਨ ਹਰੀ ਸਿੰਘ, ਜਗਪਾਲ ਸਿੰਘ ਕਾਲਾਝਾੜ, ਬਲਪ੍ਰੀਤ ਸਿੰਘ ਚੰਨੋਂ, ਪਰਮਜੀਤ ਸਿੰਘ ਮਾਝੀ, ਮੇਜਰ ਸਿੰਘ ਰੱਖੜਾ ਤੇ ਸੁਪਿੰਦਰ ਸਿੰਘ ਕਲਬੁਰਛਾ ਸਮੇਤ ਹੋਰਨਾਂ ਨੇ ‘ਇਨਕਲਾਬ ਜ਼ਿੰਦਾਬਾਦ’ ਤੇ ‘ਭਗਤ ਸਿੰਘ ਦੀ ਸੋਚ ਨੂੰ ਸਲਾਮ’ ਦੇ ਨਾਅਰੇ ਲਗਾਏ।