ਸੂਲਰ ਚੌਕ ਤੋਂ ਨਿਗਮ ਦਫ਼ਤਰ ਤੱਕ ਚੱਲਿਆ ਵਿਸ਼ੇਸ਼ ਸਫ਼ਾਈ ਅਭਿਆਨ ਸੂਲਰ ਚੌਂਕ ਤੋਂ ਨਗਰ ਨਿਗਮ ਦਫ਼ਤਰ ਤੱਕ ਚੱਲਿਆ ਵਿਸ਼ੇਸ਼ ਸਫ਼ਾਈ ਅਭਿਆਨ
Publish Date: Sun, 06 Sep 2026 04:33 PM (IST)
Updated Date: Sun, 06 Sep 2026 04:34 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਦੇ ਮਕਸਦ ਨਾਲ ਆਰੰਭੇ ਗਏ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਨਿਗਮ ਪਟਿਆਲਾ ਵੱਲੋਂ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸ਼ਹਿਰ ਦੇ ਅਹਿਮ ਰੂਟ ਸੂਲਰ ਚੌਂਕ ਤੋਂ ਲੈ ਕੇ ਨਗਰ ਨਿਗਮ ਦਫ਼ਤਰ ਤੱਕ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਐਨਆਈਐਸ ਦੇ ਡਿਪਟੀ ਡਾਇਰੈਕਟਰ ਜਨਰਲ ਵਿਨੀਤ ਕੁਮਾਰ ਤੇ ਉਨ੍ਹਾਂ ਦੀ ਸਮੁੱਚੀ ਸਾਈਕਲਿੰਗ ਟੀਮ ਸ਼ਾਮਲ ਹੋਈ। ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ, ਨਗਰ ਨਿਗਮ ਦੀ ਬਾਗ਼ਬਾਨੀ ਸ਼ਾਖਾ, ਸਫ਼ਾਈ ਕਰਮਚਾਰੀਆਂ ਅਤੇ ਸਥਾਨਕ ਇਲਾਕਾ ਨਿਵਾਸੀਆਂ ਨੇ ਹੱਥਾਂ ਵਿਚ ਝਾੜੂ ਫੜ ਕੇ ਸਫ਼ਾਈ ਕਾਰਜਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਸੜਕ ਕਿਨਾਰਿਆਂ, ਡਿਵਾਈਡਰਾਂ ਅਤੇ ਗ੍ਰੀਨ ਬੈਲਟਾਂ ਤੋਂ ਸੁੱਕੇ ਪੱਤੇ, ਮਲਬਾ ਅਤੇ ਕੂੜਾ-ਕਰਕਟ ਚੁੱਕ ਕੇ ਪੂਰੇ ਰੂਟ ਨੂੰ ਸਾਫ਼-ਸੁਥਰਾ ਬਣਾਇਆ ਗਿਆ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਨੂੰ ਸਵੱਛ ਅਤੇ ਹਰਾ-ਭਰਾ ਬਣਾਉਣਾ ਸਾਡੀ ਸਭ ਦੀ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਐੱਨ.ਆਈ.ਐੱਸ. ਵਰਗੇ ਵੱਕਾਰੀ ਰਾਸ਼ਟਰੀ ਖੇਡ ਅਦਾਰੇ ਦੇ ਉੱਚ ਅਧਿਕਾਰੀ, ਖਿਡਾਰੀ ਤੇ ਸਾਈਕਲਿਸਟ ਸ਼ਹਿਰ ਦੀ ਸਫ਼ਾਈ ਲਈ ਸੜਕਾਂ ਤੇ ਉੱਤਰਦੇ ਹਨ, ਤਾਂ ਇਹ ਸਮਾਜ ਲਈ ਇਕ ਵੱਡੀ ਪ੍ਰੇਰਨਾ ਬਣ ਜਾਂਦਾ ਹੈ। ਖੇਡਾਂ ਤੇ ਤੰਦਰੁਸਤੀ ਦਾ ਸਾਫ਼-ਸਫ਼ਾਈ ਨਾਲ ਸਿੱਧਾ ਸਬੰਧ ਹੈ ਤੇ ਅਜਿਹੇ ਉਪਰਾਲਿਆਂ ਨਾਲ ਆਮ ਨਾਗਰਿਕਾਂ ਵਿਚ ਵੀ ਜਾਗਰੂਕਤਾ ਆਉਂਦੀ ਹੈ। ਮੇਅਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਜਾਂ ਜਨਤਕ ਥਾਵਾਂ ਤੇ ਕੂੜਾ ਸੁੱਟਣ ਦੀ ਬਜਾਏ ਨਗਰ ਨਿਗਮ ਦੀਆਂ ਗੱਡੀਆਂ ਵਿਚ ਹੀ ਕੂੜਾ ਪਾਉਣ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਰੱਖਣ ਦਾ ਨੇਮ ਬਣਾਉਣ। ਉਨ੍ਹਾਂ ਇਸ ਮੁਹਿੰਮ ਵਿਚ ਪੂਰੇ ਜੋਸ਼ ਨਾਲ ਸਾਥ ਦੇਣ ਵਾਲੀ ਐੱਨ.ਆਈ.ਐੱਸ. ਟੀਮ, ਮੇਰਾ ਪਟਿਆਲਾ ਮੈਂ ਹੀ ਸਵਾਰਾਂ ਸੰਸਥਾ ਅਤੇ ਇਲਾਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।