- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਜੰਮੂ-ਕੱਟੜਾ ਹਾਈਵੇ ’ਤੇ ਘੱਗਾ ਨੇੜੇ ਪਿੰਡ ਅਤਾਲਾ ਕੋਲ ਟਰੱਕ ਅਤੇ ਕਾਰ ਦੀ ਟੱਕਰ ਵਿੱਚ ਕਾਰ ਚਾਲਕ ਸਮੇਤ ਛੇ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਮਗਰੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਜੰਮੂ-ਕੱਟੜਾ ਹਾਈਵੇ ’ਤੇ ਘੱਗਾ ਨੇੜੇ ਪਿੰਡ ਅਤਾਲਾ ਕੋਲ ਟਰੱਕ ਅਤੇ ਕਾਰ ਦੀ ਟੱਕਰ ਵਿੱਚ ਕਾਰ ਚਾਲਕ ਸਮੇਤ ਛੇ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਮਗਰੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ।
ਘੱਗਾ ਥਾਣੇ ਦੇ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਰ ਚਾਲਕ ਦੀ ਪਛਾਣ ਇੰਦਰਜੀਤ ਸਿੰਘ (22), ਪੁੱਤਰ ਸੰਦੀਪ ਸਿੰਘ, ਵਾਸੀ ਪਿੰਡ ਢਿੱਲਵਾਂ (ਜਲੰਧਰ) ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਕਾਰਤਿਕ ਵਾਸੀ ਜਲੰਧਰ ਦੀ ਦਿੱਲੀ ਵਿੱਚ ਇੰਦਰਜੀਤ ਨਾਲ ਮੁਲਾਕਾਤ ਹੋਈ ਸੀ। ਇੰਦਰਜੀਤ ਦੀ ਕਾਰ ਵਿੱਚ ਦੋ ਬੱਚਿਆਂ ਸਮੇਤ ਪੰਜ ਜਣੇ ਸਵਾਰ ਸਨ। ਉਹ ਦਿੱਲੀ ਹਵਾਈ ਅੱਡੇ ਤੋਂ ਸਵਾਰੀਆਂ ਲੈ ਕੇ ਰਾਮਾ ਮੰਡੀ, ਜਲੰਧਰ ਜਾ ਰਿਹਾ ਸੀ।
ਬਿਆਨਾਂ ਮੁਤਾਬਕ ਰਾਤ ਕਰੀਬ 12 ਵਜੇ ਪਿੰਡ ਅਤਾਲਾ ਨੇੜੇ ਅੱਗੇ ਜਾ ਰਹੇ ਟਰੱਕ ਚਾਲਕ ਨੇ ਇੰਡੀਕੇਟਰ ਦਿੱਤੇ ਬਿਨਾਂ ਅਚਾਨਕ ਬ੍ਰੇਕ ਲਾ ਦਿੱਤੀ। ਇਸ ਕਾਰਨ ਇੰਦਰਜੀਤ ਦੀ ਕਾਰ ਟਰੱਕ ਨਾਲ ਪਿੱਛੋਂ ਟਕਰਾ ਗਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇੰਦਰਜੀਤ ਅੰਦਰ ਫਸ ਕੇ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਇੰਦਰਜੀਤ ਅਤੇ ਛੇ ਮਹੀਨੇ ਦੇ ਅਰਜਨ ਸਿੰਘ ਪੁੱਤਰ ਜਗਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਵਿੱਚ ਗੁਰਮੀਤ ਸਿੰਘ, ਉਸ ਦੀ ਪਤਨੀ ਮਨਮੀਤ ਕੌਰ, ਪੁੱਤਰ ਅਵੀਰ ਸਿੰਘ ਅਤੇ ਸਾਲੀ ਹਰਲੀਨ ਕੌਰ ਵਾਸੀ ਡਰੋਲੀ ਕਲਾਂ (ਆਦਮਪੁਰ) ਜ਼ਖ਼ਮੀ ਹੋਏ। ਪੁਲਿਸ ਅਨੁਸਾਰ ਟਰੱਕ ਚਾਲਕ ਦੀ ਪਛਾਣ ਮਲਕੀਤ ਸਿੰਘ ਪੁੱਤਰ ਜੱਗਾ ਸਿੰਘ, ਵਾਸੀ ਪਿੰਡ ਦਿਖ (ਬਠਿੰਡਾ) ਵਜੋਂ ਹੋਈ ਹੈ। ਉਸ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਟਰੱਕ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਬੱਚੇ ਦਾ ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ ਅਤੇ ਦੋਵਾਂ ਲਾਸ਼ਾਂ ਪਰਿਵਾਰਾਂ ਹਵਾਲੇ ਕਰ ਦਿੱਤੀਆਂ ਗਈਆਂ।