ਨਸ਼ੇੜੀਆਂ ਦਾ ਅੱਡਾ ਬਣੇ ਖੰਡਰ ਕੁਆਰਟਰ, ਢਾਹੁਣ ਦੀ ਉਡੀਕ ਨਸ਼ੇੜੀਆਂ ਦਾ ਅੱਡਾ ਬਣੇ ਖੰਡਰ ਕੁਆਰਟਰ , ਢਾਉਣ ਦੀ ਉਡੀਕ
Publish Date: Wed, 21 Oct 2026 05:33 PM (IST)
Updated Date: Thu, 22 Oct 2026 04:01 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਸਥਾਨਕ ਰਣਬੀਰ ਕਲੱਬ ਦੇ ਕੁਆਰਟਰ ਨਸ਼ੇੜੀਆਂ ਦਾ ਅੱਡਾ ਬਣ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਸੁੰਨਸਾਨ ਅਤੇ ਖੰਡਰ ਬਣ ਚੁੱਕੇ ਕੁਆਰਟਰਾਂ ਵਿੱਚ ਨਸ਼ੇ ਦਾ ਕਾਰੋਬਾਰ ਹੋਣ ਦੇ ਵੀ ਦੋਸ਼ ਹਨ। ਭਾਵੇਂ ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਖੰਡਰ ਕੁਆਰਟਰਾਂ ਨੂੰ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ ਅਤੇ ਨਗਰ ਕੌਂਸਲ ਸੰਗਰੂਰ ਵੱਲੋਂ ਇਨ੍ਹਾਂ ਨੂੰ ਢਾਹੁਣ ਲਈ ਲੋੜੀਂਦੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮਨਜ਼ੂਰੀ ਮੰਗੀ ਜਾ ਚੁੱਕੀ ਹੈ, ਪਰ ਹਾਲੇ ਤੱਕ ਮਨਜ਼ੂਰੀ ਨਾ ਮਿਲਣ ਕਾਰਨ ਇਹ ਕੁਆਰਟਰ ਨਸ਼ੇੜੀਆਂ ਲਈ ਪਨਾਹਗਾਹ ਬਣੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੇ ਨੇੜੇ ਹੀ ਏਡੀਸੀ ਅਤੇ ਐੱਸਡੀਐੱਮ ਦੀਆਂ ਸਰਕਾਰੀ ਰਿਹਾਇਸ਼ਾਂ, ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦੇ ਕੁਆਰਟਰ ਅਤੇ ਹੋਰ ਸਰਕਾਰੀ ਮੁਲਾਜ਼ਮਾਂ ਦੇ ਘਰ ਮੌਜੂਦ ਹਨ। ਇਸ ਦੇ ਬਾਵਜੂਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੁਆਰਟਰਾਂ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਕੁਆਰਟਰਾਂ ਦੇ ਨਾਲ ਲੱਗਦੇ ਵਾਰਡ ਨੰਬਰ-11 ਦੇ ਵਸਨੀਕਾਂ ਵੱਲੋਂ ਇਨ੍ਹਾਂ ਨੂੰ ਢਾਹ ਕੇ ਇੱਥੇ ਪਾਰਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਨਗਰ ਕੌਂਸਲ ਅਤੇ ਲੋਕ ਨਿਰਮਾਣ ਵਿਭਾਗ ਵੀ ਇਸ ਸਬੰਧੀ ਸਹਿਮਤੀ ਦੇ ਚੁੱਕੇ ਹਨ। ਇਸ ਸਬੰਧੀ ਡੀਸੀ ਸੰਗਰੂਰ ਤੋਂ ਮਨਜ਼ੂਰੀ ਵੀ ਮੰਗੀ ਗਈ ਹੈ, ਪਰ ਹਾਲੇ ਤੱਕ ਹਰੀ ਝੰਡੀ ਨਾ ਮਿਲਣ ਕਾਰਨ ਢਾਹੁਣ ਦਾ ਕੰਮ ਅੱਗੇ ਨਹੀਂ ਵਧ ਸਕਿਆ। ਦੋ ਸਕੂਲ, ਰੈੱਡ ਕਰਾਸ ਸੈਂਟਰ, ਸਬਜ਼ੀ ਤੇ ਫਲ ਮੰਡੀ ਨੇੜੇ; ਲੋਕਾਂ ’ਚ ਭੈਅ ਇਨ੍ਹਾਂ ਕੁਆਰਟਰਾਂ ਦੇ ਨੇੜੇ ਰੈੱਡ ਕਰਾਸ ਸੈਂਟਰ, ਦੋ ਵੱਡੇ ਸਕੂਲ, ਸਬਜ਼ੀ ਮੰਡੀ ਅਤੇ ਬਾਜ਼ਾਰ ਸਥਿਤ ਹਨ। ਇੱਥੇ ਦਿਨ ਭਰ ਵਿਦਿਆਰਥੀਆਂ, ਔਰਤਾਂ, ਦੁਕਾਨਦਾਰਾਂ ਅਤੇ ਆਮ ਰਾਹਗੀਰਾਂ ਦੀ ਆਵਾਜਾਈ ਰਹਿੰਦੀ ਹੈ। ਖੰਡਰ ਕੁਆਰਟਰਾਂ ਵਿੱਚ ਨਸ਼ੇੜੀਆਂ ਦੇ ਲੁਕੇ ਰਹਿਣ ਅਤੇ ਕਥਿਤ ਤੌਰ ’ਤੇ ਨਸ਼ੇ ਨਾਲ ਜੁੜੀਆਂ ਗਤੀਵਿਧੀਆਂ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਰਿਹਾਇਸ਼ਾਂ ਨੇੜੇ ਵੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਹੈਰਾਨੀ ਦੀ ਗੱਲ ਹੈ ਕਿ ਇਸੇ ਕਲੱਬ ਰੋਡ ’ਤੇ ਏਡੀਸੀ ਅਤੇ ਐੱਸਡੀਐੱਮ ਦੀਆਂ ਸਰਕਾਰੀ ਰਿਹਾਇਸ਼ਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸੀਵਰੇਜ ਬੋਰਡ ਦਾ ਦਫ਼ਤਰ, ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦੇ ਕੁਆਰਟਰਾਂ ਸਮੇਤ ਹੋਰ ਸਰਕਾਰੀ ਮੁਲਾਜ਼ਮਾਂ ਦੀਆਂ ਰਿਹਾਇਸ਼ਾਂ ਵੀ ਮੌਜੂਦ ਹਨ। ਇੱਕ ਪਾਸੇ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਸ਼ੇ ਦੇ ਹੌਟਸਪੌਟ ਇਲਾਕਿਆਂ ਦੀ ਪਛਾਣ ਕਰਕੇ ਢੁੱਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਸੰਗਰੂਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ। ਲੋਕਾਂ ਦਾ ਸਵਾਲ ਹੈ ਕਿ ਜਦੋਂ ਮਹੱਤਵਪੂਰਨ ਸਰਕਾਰੀ ਰਿਹਾਇਸ਼ਾਂ ਦੇ ਨੇੜੇ ਹੀ ਅਜਿਹੀ ਸਥਿਤੀ ਬਣੀ ਹੋਈ ਹੈ ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਕਿੰਨਾ ਗੰਭੀਰ ਹੈ। ਵਕੀਲ ਕਮਲ ਆਨੰਦ, ਕੇਵਲ ਕ੍ਰਿਸ਼ਨ ਮਨਚੰਦਾ ਅਤੇ ਦਿਨੇਸ਼ ਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਇਨ੍ਹਾਂ ਖੰਡਰ ਕੁਆਰਟਰਾਂ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ। ਉਸ ਸਮੇਂ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਜਲਦੀ ਹੋਵੇਗੀ ਕਾਰਵਾਈ, ਨਸ਼ੇੜੀਆਂ ਦਾ ਅੱਡਾ ਨਹੀਂ ਬਣਨ ਦੇਵਾਂਗੇ : ਡੀਸੀ ਡੀਸੀ ਪੂਨਮਦੀਪ ਕੌਰ ਨੇ ਕਿਹਾ ਕਿ ਇਹ ਲੋਕ ਨਿਰਮਾਣ ਵਿਭਾਗ ਦੀ ਜਾਇਦਾਦ ਹੈ। ਲੋਕ ਨਿਰਮਾਣ ਵਿਭਾਗ ਅਤੇ ਨਗਰ ਕੌਂਸਲ ਮਿਲ ਕੇ ਇਸ ਸਬੰਧੀ ਕਾਰਵਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਮਨਜ਼ੂਰੀ ਲਈ ਪੱਤਰ ਆਇਆ ਹੈ ਤਾਂ ਉਹ ਇਸ ’ਤੇ ਤੁਰੰਤ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਕੁਆਰਟਰਾਂ ਨੂੰ ਨਸ਼ੇੜੀਆਂ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ ਅਤੇ ਇਨ੍ਹਾਂ ਨੂੰ ਢਾਹੁਣ ਦੀ ਪ੍ਰਕਿਰਿਆ ਜਲਦੀ ਅੱਗੇ ਵਧਾਈ ਜਾਵੇਗੀ।