
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕੱਤਰ ਆਰਟੀਏ ਪਟਿਆਲਾ ਵੱਲੋਂ ਬੱਸਾਂ ਦੀ ਚੈੈਕਿੰਗ

ਸੀਨੀਅਰ ਰਿਪੋਰਟਰ,• ਪੰਜਾਬੀ ਜਾਗਰਣ, •ਪਟਿਆਲਾ : ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਪਟਿਆਲਾ ਵੱਲੋਂ ਬੱਸਾਂ ਦੀ ਜਾਂਚ ਲਈ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਬੱਸ ਆਪਰੇਟਰਾਂ ਵੱਲੋਂ ਪਰਮਿਟ ਦੀਆਂ ਸ਼ਰਤਾਂ ਅਤੇ ਮੋਟਰ ਵਹੀਕਲ ਐਕਟ ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਸੀ।
ਵਿਸ਼ੇਸ਼ ਚੈਕਿੰਗ ਦੌਰਾਨ ਕੁੱਲ 8 ਸਟੇਜ ਕੈਰੇਜ ਬੱਸਾਂ, ਜਿਨ੍ਹਾਂ ਵਿੱਚ ਆਮ ਪਰਮਿਟ ’ਤੇ ਚੱਲ ਰਹੀਆਂ 2 ਏਸੀ ਬੱਸਾਂ ਵੀ ਸ਼ਾਮਲ ਸਨ, ਅਤੇ 2 ਟੂਰਿਸਟ ਬੱਸਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਬੱਸਾਂ ਵਿਰੁੱਧ ਵੱਖ-ਵੱਖ ਉਲੰਘਣਾਵਾਂ ਦੇ ਮਾਮਲੇ ਵਿਚ ਚਲਾਨ ਜਾਰੀ ਕੀਤੇ ਗਏ। ਆਮ ਪਰਮਿਟ ’ਤੇ ਚੱਲ ਰਹੀਆਂ ਏਸੀ ਬੱਸਾਂ ਵੱਲੋਂ ਪਰਮਿਟ ਦੀਆਂ ਲਾਗੂ ਸ਼ਰਤਾਂ ਦੀ ਉਲੰਘਣਾ ਪਾਏ ਜਾਣ ’ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਟੂਰਿਸਟ ਬੱਸਾਂ ਨੂੰ ਵੀ ਵੱਖ-ਵੱਖ ਉਲੰਘਣਾਵਾਂ ਲਈ ਚਲਾਨ ਕੀਤਾ ਗਿਆ। ਚੈਕਿੰਗ ਦੌਰਾਨ ਬੱਸਾਂ ਅਤੇ ਡਰਾਈਵਰਾਂ ਨਾਲ ਸਬੰਧਤ ਵੱਖ-ਵੱਖ ਲਾਜ਼ਮੀ ਦਸਤਾਵੇਜ਼ਾਂ, ਜਿਵੇਂ ਕਿ ਪਰਮਿਟ, ਰਜਿਸਟ੍ਰੇਸ਼ਨ ਸਰਟੀਫਿਕੇਟ, ਫਿਟਨੈੱਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਬੀਮਾ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਬੱਸਾਂ ਦੀ ਪਰਮਿਟ ਸ਼੍ਰੇਣੀ ਅਤੇ ਅਸਲ ਸੰਚਾਲਨ ਦੀ ਵੀ ਤਸਦੀਕ ਕੀਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਉਲੰਘਣਾਵਾਂ ਦੇ ਸਬੰਧ ਵਿੱਚ ਕੁੱਲ 10 ਚਲਾਨ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ₹1,19,500 ਦੀ ਕੁੱਲ ਜੁਰਮਾਨਾ/ਕੰਪਾਊਂਡਿੰਗ ਰਕਮ ਸ਼ਾਮਲ ਹੈ।
ਸਕੱਤਰ ਆਰਟੀਏ ਪਟਿਆਲਾ ਵੱਲੋਂ ਇਨਫੋਰਸਮੈਂਟ ਸਟਾਫ ਨੂੰ ਬੱਸਾਂ ਦੀ ਨਿਯਮਿਤ ਤੇ ਸਖ਼ਤ ਚੈਕਿੰਗ ਜਾਰੀ ਰੱਖਣ ਅਤੇ ਪਰਮਿਟ ਦੀਆਂ ਸ਼ਰਤਾਂ ਜਾਂ ਹੋਰ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੱਸ ਆਪਰੇਟਰਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਟਰਾਂਸਪੋਰਟ ਵਿਭਾਗ ਵੱਲੋਂ ਸਮੂਹ ਬੱਸ ਆਪਰੇਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਰਮਿਟ ਦੀਆਂ ਸ਼ਰਤਾਂ, ਮੋਟਰ ਵਹੀਕਲ ਐਕਟ ਅਤੇ ਨਿਯਮਾਂ ਅਤੇ ਨਿਰਧਾਰਤ ਸੜਕ ਸੁਰੱਖਿਆ ਮਾਪਦੰਡਾਂ ਦੀ ਪੂਰੀ ਪਾਲਣਾ ਕਰਨ। ਜ਼ਿਲ੍ਹੇ ਵਿਚ ਸੁਰੱਖਿਅਤ, ਕਾਨੂੰਨੀ ਅਤੇ ਅਨੁਸ਼ਾਸਿਤ ਜਨਤਕ ਆਵਾਜਾਈ ਯਕੀਨੀ ਬਣਾਉਣ ਲਈ ਅਜਿਹੀਆਂ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ।