- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਵੋਟਰਾਂ ਦੀ ਤਸਦੀਕ ਲਈ ਘਰ-ਘਰ ਪਹੁੰਚੇ ਰੋਲ ਆਬਜ਼ਰਵਰ ਵਿਨੈ ਬੁਬਲਾਨੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪੰਜਾਬ ਰਾਜ ਵਿਚ ਚੱਲ ਰਹੀ ਐਸਆਈਆਰ-2026 ਅਧੀਨ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਜ਼ਿਲ੍ਹਾ ਪਟਿਆਲਾ ਲਈ ਨਿਯੁਕਤ ਕੀਤੇ ਰੋਲ ਆਬਜ਼ਰਵਰ ਵਿਨੈ ਬੁਬਲਾਨੀ, ਆਈ.ਏ.ਐਸ., ਕਮਿਸ਼ਨਰ, ਪਟਿਆਲਾ ਮੰਡਲ ਪਟਿਆਲਾ ਨੇ ਅੱਜ ਵਿਧਾਨ ਸਭਾ ਚੋਣ ਹਲਕਾ 110-ਪਟਿਆਲਾ ਦਿਹਾਤੀ ਵਿਖੇ ਫੇਰੀ ਦੌਰਾਨ ਸਮੁਚੀ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਰੋਲ ਆਬਜ਼ਰਵਰ ਪਟਿਆਲਾ ਨੇ ਚੋਣ ਹਲਕਾ 110-ਪਟਿਆਲਾ ਦਿਹਾਤੀ ਦੇ ਬੂਥ ਨੰ: 102 (ਪ੍ਰੇਮ ਨਗਰ) ਦੇ ਨਵੇਂ ਵੋਟਰਾਂ ਦੇ ਘਰ ਜਾ ਕੇ ਖੁਦ ਵੋਟਰਾਂ ਦੀ ਪੁਸ਼ਟੀ ਕੀਤੀ ਤੇ ਵੋਟਰਾਂ ਨਾਲ ਗੱਲਬਾਤ ਕਰਦਿਆਂ, ਬੂਥ ਲੈਵਲ ਅਫਸਰ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨਾਭਾ ਵਿਧਾਨ ਸਭਾ ਹਲਕੇ ਦਾ ਵੀ ਦੌਰਾ ਕਰਕੇ ਐਸ.ਆਈ.ਆਰ.-2026 ਤਹਿਤ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣ ਹਲਕਾ 110-ਪਟਿਆਲਾ ਦਿਹਾਤੀ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ, ਰਾਜਨੀਤਿਕ ਪਾਰਟੀਆਂ, ਸੁਪਰਵਾਈਜ਼ਰ ਅਫਸਰਾਂ ਤੇ ਚੋਣ ਅਮਲੇ ਨਾਲ ਮੀਟਿੰਗ ਵੀ ਕੀਤੀ। ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ - ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ) 110-ਪਟਿਆਲਾ ਦਿਹਾਤੀ ਨਵਰੀਤ ਕੌਰ ਸੇਖੋਂ ਵੱਲੋਂ ਰੋਲ ਆਬਜ਼ਰਵਰ ਦਾ ਸਵਾਗਤ ਕਰਦਿਆਂ ਚੋਣ ਹਲਕਾ 110-ਪਟਿਆਲਾ ਦਿਹਾਤੀ ਵਿਚ ਐਸ.ਆਈ.ਆਰ.-2026 ਤਹਿਤ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਰੋਲ ਆਬਜ਼ਰਵਰ ਵੱਲੋਂ ਚੋਣ ਹਲਕਾ 110-ਪਟਿਆਲਾ ਦਿਹਾਤੀ ਵਿਚ ਵੱਖ -ਵੱਖ ਪੋਲਿੰਗ ਬੂਥਾਂ ’ਚ ਬਣ ਰਹੀਆਂ ਨਵੀਂਆਂ ਵੋਟਾਂ ਦੀ ਗਿਣਤੀ ਤੇ ਗੌਰ ਕਰਦਿਆਂ ਸੁਪਰਵਾਈਜ਼ਰ ਅਫਸਰਾਂ ਅਤੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਹਰ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੋਣਾ ਅਤੇ ਕਿਸੇ ਅਯੋਗ ਵਿਅਕਤੀ ਦਾ ਨਾਮ ਸ਼ਾਮਲ ਨਾ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਸੁਪਰਵਾਈਜ਼ਰ ਅਫਸਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਵੋਟਰਾਂ ਪਾਸੋਂ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਸਤਾਵੇਜ਼ਾਂ ਦੀ ਲਿਸਟ ਅਨੁਸਾਰ ਹੀ ਦਸਤਾਵੇਜ਼ ਪ੍ਰਾਪਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਮਿਤੀ: 8 ਅਕਤੂਬਰ 2026 ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਮੌਕੇ ਚੋਣਕਾਰ ਰਜਿਸਰਟੇਸ਼ਨ ਅਫਸਰ ਨਵਰੀਤ ਕੌਰ ਸੇਖੋਂ, ਪੀ.ਸੀ.ਐਸ., ਵਿਜੈ ਕੁਮਾਰ ਚੌਧਰੀ, ਤਹਿਸੀਲਦਾਰ ਚੋਣਾਂ, ਪਾਰਸ ਕੁਮਾਰ, ਜ਼ਿਲ੍ਹਾ ਪ੍ਰੋਗਰਾਮਰ, ਪਟਿਆਲਾ ਦਿਹਾਤੀ ਦੇ ਨੋਡਲ ਅਫਸਰ ਨਰਿੰਦਰ ਸਿੰਘ ਢੀਂਡਸਾ, ਗੁਰਦੀਪ ਸਿੰਘ ਟਿਵਾਣਾ, ਹਰਮਨਦੀਪ ਸਿੰਘ ਅਤੇ ਅਜੈਪਾਲ ਸਿੰਘ(ਮਾਸਟਰ ਟ੍ਰੇਨਰ) ਸਿਮਰਦੀਪ ਸਿੰਘ, ਚੋਣ ਕਲਰਕ ਅਤੇ ਚੋਣ ਹਲਕਾ ਪਟਿਆਲਾ ਦਿਹਾਤੀ ਦੇ ਸੁਪਰਵਾਈਜ਼ਰ ਸਾਹਿਬਾਨ ਅਤੇ ਚੋਣ ਅਮਲਾ ਵੀ ਹਾਜ਼ਰ ਸਨ।